India Punjab

ਭਾਰਤ ਲਈ ਖ਼ੁਸ਼ੀ ਦੀ ਖ਼ਬਰ, ਨੀਰਜ ਚੋਪੜਾ ਨੇ ਤੋੜੇ ਰਿਕਾਰਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟ੍ਰੈਕ ਐਂਡ ਫ਼ੀਲਡ ‘ਚ ਭਾਰਤ ਨੇ ਪਹਿਲਾ ਓਲੰਪਿਕਸ ਮੈਡਲ ਜਿੱਤ ਲਿਆ ਹੈ। ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ‘ਚ ਗੋਲਡ ਮੈਡਲ ਜਿੱਤਿਆ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ 87.58 ਮੀਟਰ ਦੀ ਥ੍ਰੋਅ ਦੇ ਨਾਲ ਭਾਰਤ ਦੀ ਝੋਲੀ ਵਿੱਚ ਪਹਿਲਾ ਗੋਲਡ ਮੈਡਲ ਪਾਇਆ ਹੈ। ਭਾਰਤ ਨੂੰ ਓਲੰਪਿਕ ਜੈਵਲਿਨ ਥ੍ਰੋਅ ਵਿੱਚ ਪਹਿਲੀ ਵਾਰ ਕੋਈ ਮੈਡਲ ਮਿਲਿਆ ਹੈ। ਪਿਛਲੇ ਕੁੱਝ ਸਾਲਾਂ ‘ਚ ਜੈਵਲਿਨ ਥ੍ਰੋਅਰ ਯਾਨਿ ਨੇਜ਼ਾ ਸੁੱਟਣ ‘ਚ ਨੀਰਜ ਨੇ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ। ਨੀਰਜ ਪਾਣੀਪਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਹਨ। ਨੀਰਜ ਦੀ ਇਸ ਪ੍ਰਾਪਤੀ ਤੋਂ ਹਰੇਕ ਦੇਸ਼ਵਾਸੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਅਤੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਰਜ ਚੋਪੜਾ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ।

ਇਸ ਤੋਂ ਪਹਿਲਾਂ ਟੋਕੀਓ ਓਲੰਪਿਕ 2020 ਵਿੱਚ ਭਾਰਤ ਆਪਣੇ ਨਾਮ 6 ਤਗਮੇ ਕਰ ਚੁੱਕਾ ਹੈ, ਜਿਸ ਵਿੱਚ 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਲ ਹਨ। ਉੱਥੇ ਹੀ ਪਿਛਲੇ 12 ਸਾਲਾਂ ਤੋਂ ਕਿਸੇ ਖਿਡਾਰੀ ਨੇ ਸੋਨ ਤਗਮਾ ਨਹੀਂ ਜਿੱਤਿਆ ਹੈ। ਇਸ ਤੋਂ ਪਹਿਲਾਂ 2008 ਵਿੱਚ ਸ਼ੂਟਿੰਗ ਵਿਚ ਅਭਿਨਵ ਬਿੰਦਰਾ ਨੇ ਸੋਨ ਤਗਮਾ ਜਿੱਤਿਆ ਸੀ। ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਤੇ ਨੌਕਰੀ ਦੇਣ ਦਾ ਐਲਾਨ ਕੀਤਾ ਹੈ।