Punjab

ਗੁਰੂ ਦੀ ਆਪਣੀ ਹੀ ਹੋਗੀ ‘ਠੋਕੋ ਤਾਲੀ’

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਖਹਿੜਾ ਨਹੀਂ ਛੱਡ ਰਹੇ ਹਨ। ਉਨ੍ਹਾਂ ਦੇ ਨੇੜਲੇ ਸਾਥੀ ਹੀ ਉਨ੍ਹਾਂ ਦੇ ਲਈ ਮੁਸੀਬਤਾਂ ਖੜ੍ਹੀਆਂ ਕਰਨ ਲੱਗੇ ਹਨ। ਸਭ ਤੋਂ ਵੱਡੀ ਬਿਪਤਾ ਵਿਧਾਇਕ ਮਦਨ ਲਾਲ ਜਲਾਲਪੁਰਾ ਬਣ ਰਿਹਾ ਹੈ। ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਦੂਜੀ ਵਾਰ ਜਲਾਲਪੁਰਾ ਦੇ ਘਰ ਗਏ ਤਾਂ ਉਨ੍ਹਾਂ ਨੇ ਉਸਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਸਭ ਤੋਂ ਪਹਿਲਾਂ ਟਿਕਟ ਤੇਰੇ ਹੱਥ ਧਰੂਂ। ਜਲਾਲਪੁਰਾ ਜਿਹੜੇ ਕਿ ਨਕਲੀ ਸ਼ਰਾਬ ਵੇਚਣ ਦੇ ਦੋਸ਼ਾਂ ਵਿੱਚ ਗਿਰੇ ਆ ਰਹੇ ਹਨ, ਦੀ ਸਿੱਧੂ ਵੱਲੋਂ ਦਿੱਤੀ ਥਾਪੀ ਗੁਰੂ ਦੇ ਉਲਟ ਪੈਣ ਲੱਗ ਪਈ ਸੀ। ਹੁਣ ਵਿਧਾਇਕ ਦੇ ਭਾਣਜੇ ਨੇ 16 ਕਰੋੜ ਰੁਪਏ ਦੀ ਕਣਕ ਖੁਰਦ-ਬੁਰਦ ਕਰਕੇ ਜਲਾਲਪੁਰਾ ਅਤੇ ਸਿੱਧੂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਜਲਾਲਪੁਰਾ ਨੇ ਤਾਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਉਸਦਾ ਭਾਣਜਾ ਜਸਦੇਵ ਸਿੰਘ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਜਿਸ ਕਰਕੇ ਕੋਈ ਗਲਤੀ ਹੋ ਗਈ ਹੋਵੇਗੀ। ਪਰ ਉਨ੍ਹਾਂ ਨੇ ਨਾਲ ਹੀ ਮਾਮਲੇ ਦੇ ਨਾਲ ਕੋਈ ਤੁਅੱਲਕ ਨਾ ਹੋਣ ਦੀ ਗੱਲ ਕਹਿ ਦਿੱਤੀ ਹੈ। ਸਿੱਧੂ ਹੁਣ ਜਸਦੇਵ ਸਿੰਘ ਨੂੰ ‘ਟੰਗਣ’ ਦੀ ਗੱਲ ਕਰਨਗੇ ਜਾਂ ਜਲਾਲਪੁਰਾ ਦੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ। ਇਹ ਗੁਰੂ ਅੱਗੇ ਵੱਡੀ ਪ੍ਰੀਖਿਆ ਆ ਗਈ ਹੈ। ਖੁਰਾਕ ਅਤੇ ਸਪਲਾਈ ਵਿਭਾਗ ਵਿੱਚ ਫ਼ੂਡ ਇੰਸਪੈਕਟਰ ਤਾਇਨਾਤ ਜਸਦੇਵ ਸਿੰਘ ਵੱਲੋਂ 16 ਕਰੋੜ ਰੁਪਏ ਦੀ ਕਣਕ ਦਾ ਸਕੈਂਡਲ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿੱਚ ਕਰੀਬ ਅੱਠ ਗੋਦਾਮਾਂ ਦੇ ਭੰਡਾਰਨ ਦੀ ਦੇਖ-ਰੇਖ ਫ਼ੂਡ ਇੰਸਪੈਕਟਰ ਜਸਦੇਵ ਸਿੰਘ ਦੇ ਹਵਾਲੇ ਸੀ। ਮਾਮਲਾ ਸਾਹਮਣੇ ਆਉਣ ‘ਤੇ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਜਸਦੇਵ ਸਿੰਘ ਦੇ ਘਰ ਤਾਲਾ ਲੱਗਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਖੁਰਾਕ ਇੰਸਪੈਕਟਰ ਫ਼ਰਾਰ ਹੈ। ਮਹਿਕਮੇ ਵੱਲੋਂ ਮਾਮਲੇ ਦੀ ਪੜਤਾਲ ਦੇ ਹੁਕਮ ਦੇ ਦਿੱਤੇ ਗਏ ਹਨ।

ਸੂਤਰਾਂ ਅਨੁਸਾਰ ਅਜੇਪਾਲ ਢਿੱਲੋਂ ਗੁਦਾਮ ਵਿੱਚ 2700 ਗੱਟੇ, ਕੋਚਰ ਗੁਦਾਮ ਵਿੱਚ 13 ਹਜ਼ਾਰ ਗੱਟੇ, ਸੰਜੇ ਥੜ੍ਹੇ ‘ਤੇ 1900 ਗੱਟੇ, ਇੰਡੋ-ਜਰਮਨ ਥੜ੍ਹੇ ‘ਤੇ 10 ਹਜ਼ਾਰ ਗੱਟੇ, ਰਾਜਪਾਲ ਓਪਨ ਥੜ੍ਹੇ ‘ਤੇ 77 ਹਜ਼ਾਰ ਗੱਟੇ, ਕ੍ਰਿਸ਼ਨਾ ਥੜ੍ਹੇ ‘ਤੇ 37 ਹਜ਼ਾਰ ਗੱਟੇ, ਧਾਨੀ ‘ਤੇ 12 ਹਜ਼ਾਰ ਗੱਟੇ ਅਤੇ ਪੇਪਰ ਮਿੱਲ ‘ਤੇ 48 ਹਜ਼ਾਰ ਗੱਟਿਆਂ ਤੋਂ ਇਲਾਵਾ ਰਾਜਪਾਲ ਓਪਨ ਪਲੰਥ ‘ਤੇ ਗਰੀਬਾਂ ਵਾਲੀ ਕਣਕ ਦੇ 19 ਹਜ਼ਾਰ ਗੱਟੇ ਗਾਇਬ ਹਨ। ਇਸਦੀ ਕੀਮਤ 16.18 ਕਰੋੜ ਰੁਪਏ ਬਣਦੀ ਹੈ।