India Punjab

‘ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਵੀ ਕਿਸਾਨਾਂ ਨਾਲ ਵੱਡਾ ਧੋਖਾ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਿਸਾਨ ਸੰਸਦ ਦੇ 12ਵੇਂ ਦਿਨ ਸਰਕਾਰ ਦੇ ਵਿਰੋਧ ਵਿੱਚ ਬਹੁਤ ਹੀ ਅਨੁਸ਼ਾਸਿਤ ਅਤੇ ਸੰਗਠਿਤ ਤਰੀਕੇ ਨਾਲ ਚੱਲ ਰਹੀ ਕਿਸਾਨ ਸੰਸਦ ਵਿੱਚ ਮੋਦੀ ਸਰਕਾਰ ਦੇ ਖ਼ਿਲਾਫ਼ ਅਵਿਸ਼ਵਾਸ ਮੱਤ ਪੇਸ਼ ਕੀਤਾ ਗਿਆ। ਆਮ ਵਾਂਗ 200 ਕਿਸਾਨ ਸੰਸਦ ਮੈਂਬਰਾਂ ਨੇ ਜੰਤਰ -ਮੰਤਰ ‘ਤੇ ਅੱਜ ਦੀ ਕਾਰਵਾਈ ਵਿੱਚ ਹਿੱਸਾ ਲਿਆ। ਅਵਿਸ਼ਵਾਸ ਪ੍ਰਸਤਾਵ ਇਸ ਗੱਲ ਤੇ ਅਧਾਰਤ ਸੀ ਕਿ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰ ਵਲੋਂ ਅਨੇਕਾਂ ਕਿਸਾਨ ਵਿਰੋਧੀ ਕਦਮ ਚੁੱਕਣ ਤੋਂ ਇਲਾਵਾ, ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਸੀ ।

ਅਵਿਸ਼ਵਾਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਰੌਲਾ ਪਾ ਰਹੀ ਹੈ, ਪਰ ਇਸ ਦਿਸ਼ਾ ਵਿੱਚ ਕੋਈ ਵੀ ਠੋਸ ਕੰਮ ਨਹੀਂ ਕਰ ਰਹੀ।

ਮਤੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਸੀ-2+50% ਐਮਐਸਪੀ ਦੇਣ ਦੇ ਆਪਣੇ ਵਾਅਦਿਆਂ ਤੋ ਵਾਰ-ਵਾਰ ਭਗੌੜੇ ਸਾਬਤ ਹੋਏ ਹਨ।ਸਰਕਾਰ ਨੇ ਬਹੁ-ਪ੍ਰਚਾਰਿਤ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਵੀ ਕਿਸਾਨਾਂ ਨੂੰ ਧੋਖਾ ਦਿੱਤਾ ਹੈ, ਜਿੱਥੇ ਸਰਕਾਰ ਦਾ ਖਰਚਾ ਵਧਿਆ, ਕਿਸਾਨਾਂ ਦੀ ਕਵਰੇਜ ਘਟੀ ਅਤੇ ਕਾਰਪੋਰੇਸ਼ਨਾਂ ਨੂੰ ਲਾਭ ਹੋਇਆ ਹੈ।

ਅਵਿਸ਼ਵਾਸ ਪ੍ਰਸਤਾਵ ਵਿਚ ਮੋਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਕਾਰਪੋਰੇਟ ਪੱਖੀ, ਕਿਸਾਨ ਵਿਰੋਧੀ ਕਾਨੂੰਨ ਨਾਂ ਲਿਆਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਗੇ ਅਤੇ ਸਾਰੇ ਕਿਸਾਨਾਂ ਨੂੰ ਸਾਰੀਆਂ ਖੇਤੀ ਜਿਣਸਾਂ ਦੇ ਲਾਭਕਾਰੀ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਲਾਗੂ ਕਰੇ ।

ਅਵਿਸ਼ਵਾਸ ਪ੍ਰਸਤਾਵ ਵਿੱਚ ਅਹਿਮ ਮੁੱਦੇ…
ਅਵਿਸ਼ਵਾਸ ਪ੍ਰਸਤਾਵ ‘ਤੇ ਬਹਿਸ ਦੌਰਾਨ, ਆਮ ਨਾਗਰਿਕਾਂ ਅਤੇ ਕਿਸਾਨਾਂ ਸੰਬੰਧੀ ਗੰਭੀਰ ਚਿੰਤਾ ਵਾਲੇ ਮੁੱਦੇ ਉਠਾਏ ਗਏ-ਇਹਨਾਂ ਵਿੱਚ ਬਾਲਣ ਦੀਆਂ ਕੀਮਤਾਂ ਵਿੱਚ ਅਸਹਿਣਯੋਗ ਅਤੇ ਗੈਰ ਵਾਜਬ ਵਾਧਾ ਕਰਨਾ ਹੈ ਜੋ ਸਾਰੇ ਦੇਸ਼ ਦੇ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਕੋਵਿਡ ਮਹਾਂਮਾਰੀ ਦੌਰਾਨ ਪੂੰਜੀ ਹੀਣ ਤੇ ਤਿਆਰੀ ਹੀਣ ਸਿਹਤ ਪ੍ਰਬੰਧ ਦਾ ਢਹਿ-ਢੇਰੀ ਹੋਣਾ , ਸਰਕਾਰ ਵਲੋ ਆਮ ਨਾਗਰਿਕਾਂ ਤੇ ਚੁਣੇ ਗਏ ਨੇਤਾਵਾਂ ਦੀ ਬੇਗੈਰਤ ਢੰਗ ਨਾਲ ਜਾਸੂਸੀ ਕਰਨਾ , ਸਾਡੇ ਲੋਕਤੰਤਰ ਨੂੰ ਖਤਰੇ ਵਿੱਚ ਪਾਉਣਾ, ਦੇਸ਼ਧ੍ਰੋਹ ਦੇ ਨਾਮ ਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੇਸ਼ ਵਿੱਚ ਲੋਕਤੰਤਰ ਦੇ ਰੱਖਿਅਕਾਂ ਦੇ ਵਿਰੁੱਧ ਝੂਠੇ ਦੋਸ਼ ਮੜਣੇ, ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਇਲਾਵਾ ਵੱਡੀ ਸਰਮਾਏਦਾਰੀ ਦੀ ਰੱਖਿਆ ਲਈ ਸਰਕਾਰ ਦੁਆਰਾ ਕਿਸਾਨ ਵਿਰੋਧੀ ਉਪਾਅ ਕਰਨੇ ਆਦਿ ਸ਼ਾਮਲ ਹਨ । ਕਿਸਾਨਾਂ ਦੇ ਸੰਸਦ ਮੈਂਬਰਾਂ ਨੇ ਬਹਿਸ ਵਿੱਚ ਹਿੱਸਾ ਲੈਦਿਆਂ ਉਨ੍ਹਾਂ ਦੀ ਰੋਜ਼ੀ -ਰੋਟੀ , ਲੋਕਤੰਤਰੀ ਕਦਰਾਂ -ਕੀਮਤਾਂ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਜੁੜੇ ਬਹੁਤ ਸਾਰੇ ਮੁੱਦੇ ਉਠਾਏ । ਇਹ ਬਹਿਸ ਸੋਮਵਾਰ, 9 ਅਗਸਤ 2021 ਨੂੰ ਵੀ ਜਾਰੀ ਰਹੇਗੀ ।