‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਜੰਤਰ-ਮੰਤਰ ਉੱਤੇ ਕਿਸਾਨ ਸੰਸਦ ਮੌਕੇ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿਸਾਨ ਸੰਸਦ ਸ਼ਾਂਤ ਮਈ ਚੱਲ ਰਹੀ ਹੈ। ਲੋਕਤੰਤਰ ਵਿਚ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਤੇ ਲੋਕਾਂ ਲਈ ਸਰਕਾਰ, ਪਰ ਹੁਣ ਵੋਟਾਂ ਪੈਂਦੀਆਂ ਨੇ ਪਰ ਸਰਕਾਰ ਲੋਕਾਂ ਦੀ ਨਹੀਂ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਜਿਸ ਸਮੇਂ ਰਾਜੇਵਾਲ ਸੰਬੋਧਨ ਕਰ ਰਹੇ ਸਨ, ਉਸ ਵੇਲੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਤੇ ਹੋਰ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ ਤੇ ਰਾਜੇਵਾਲ ਨੇ ਸਰਕਾਰਾਂ ਕੋਲੋਂ ਮਿਲਦੇ ਅਵਿਸ਼ਵਾਸ ਦੀਆਂ ਖੁਲ੍ਹ ਕੇ ਤੰਦਾਂ ਖੋਲ੍ਹੀਆਂ।
ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਕਾਰਪੋਰੇਟ ਦੀ ਸਰਕਾਰ, ਲੋਕਾਂ ਵੱਲੋਂ ਸਰਕਾਰ, ਕਾਰਪੋਰੇਟ ਲਈ ਸਰਕਾਰ ਹੋ ਗਈ ਹੈ। ਅਜਿਹੀ ਸਥਿਤੀ ਵਿਚ ਲੱਗਦਾ ਹੈ ਜਿਵੇਂ ਲੋਕਾਂ ਦੇ ਨੁਮਾਇੰਦੇ ਅਲੱਗ ਕਲਾਸ ਬਣ ਗਏ ਹਨ। ਲੋਕਾਂ ਨਾਲੋਂ ਨਾਤਾ ਟੁੱਟ ਗਿਆ ਹੈ ਤੇ ਲੋਕਾਂ ਤੋਂ ਵੱਖਰੇ ਹੋ ਗਏ ਹਨ। ਲੋਕਾਂ ਵਿਚ ਇਸ ਅੰਦੋਲਨ ਨਾਲ ਜਾਗ੍ਰਤੀ ਆਈ ਹੈ।
ਰਾਜੇਵਾਲ ਨੇ ਕਿਹਾ ਕਿ ਲੋਕਾਂ ਦੇ ਮੁੱਦਿਆ ਨੂੰ ਜਦੋਂ ਸਾਡੇ ਨੁਮਾਇੰਦਿਆਂ ਨੇ ਨਹੀਂ ਸੁਣਿਆ ਤਾਂ ਲੋਕਾਂ ਨੂੰ ਬਾਹਰ ਆਉਣਾ ਪਿਆ ਹੈ। ਹੁਣ ਇਹ ਜਨਅੰਦੋਲਨ ਬਣ ਗਿਆ ਹੈ। ਇਹ ਨਵਾਂ ਕੰਸੈਪਟ ਹੈ ਜੋ ਸਾਰੀ ਦੁਨੀਆਂ ਨੂੰ ਦਿੱਤਾ ਹੈ। ਅਸੀਂ ਕਿਸਾਨ ਸੀ ਕਿਸਾਨ ਹੀ ਰਹਾਂਗੇ। ਸਾਡੇ ਨੁਮਾਇੰਦੇ ਇਸ ਅੰਦੋਲਨ ਨੂੰ ਪ੍ਰਚੰਡ ਹੁੰਦੇ ਦੇਖਦੇ ਰਹੇ। ਇਸ ਅੰਦੋਲਨ ਨੂੰ ਸਾਡੇ ਨੁਮਾਇੰਦੇ ਅਣਗੋਲਿਆਂ ਕਰਦੇ ਰਹੇ ਹਨ। ਲੋਕਾਂ ਪ੍ਰਤੀ ਸਰਕਾਰ ਨੇ ਆਪਣੀ ਜਿੰਮੇਦਾਰੀ ਨਹੀਂ ਸਮਝੀ ਤੇ ਇਹ ਅੰਦੋਲਨ ਇਸ ਪੱਧਰ ਤੇ ਆ ਗਿਆ।
ਸਪੀਕਰ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਲੋਕਾਂ ਦੀ ਰੂਹ ਤੋਂ ਦੂਰ ਸਿਆਸੀ ਪਾਰਟੀਆਂ ਵੱਖਰੀਆਂ ਹੋ ਗਈਆਂ ਹਨ। ਮੰਜਿਲ ਹਾਲੇ ਹਾਸਿਲ ਕਰਨੀ ਹੈ…ਜਿੱਤਾਂਗੇ ਜਰੂਰ। ਬਹੁਤ ਕੁਝ ਸਿਖਿਆ ਹੈ, ਭੁਲੇਖੇ ਦੂਰ ਹੋਏ ਹਨ। ਲੋਕ ਤਾਂ ਰਾਜ ਚਲਾਉਣ ਵਾਲਿਆਂ ਦੇ ਏਜੰਡੇ ਉੱਤੇ ਹੀ ਨਹੀਂ ਹਨ। ਮੈਂ ਭਾਜਪਾ ਦੇ ਖਿਲਾਫ ਅਵਿਸ਼ਵਾਸ ਦਾ ਮਤਾ ਪਾਸ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਵੋਟਾਂ ਪਾਈਆਂ ਤੇ ਖੇਤਾਂ ਵਿਚ ਕੰਮ ਕਰਦੇ ਰਹੇ। ਰਾਜਨੀਤੀ ਵਪਾਰ ਬਣ ਗਿਆ ਤੇ ਲੁਟ ਹੁੰਦੀ ਰਹੀ। ਇਹ ਕਿਹਾ ਗਿਆ 15 ਲੱਖ ਖਾਤੇ ਵਿੱਚ ਆਉਣਗੇ, ਕਾਲਾ ਧਨ ਆਵੇਗਾ, 2 ਕਰੋੜ ਨੌਕਰੀਆਂ ਮਿਲਣਗੀਆਂ। ਮੋਦੀ ਨੇ ਨੋਟਬੰਦੀ ਕੀਤੀ ਕਈ ਲੋਕ ਆਪਣੀ ਜਾਨ ਗਵਾ ਗਏ। ਕਿੰਨਾ ਕਾਲਾ ਧਨ ਲੱਭਿਆ ਕਿ ਨਹੀਂ ਕੁਝ ਨਹੀਂ ਪਤਾ। ਜੀਐਸਟੀ ਨੇ ਲੋਕਾਂ ਦੇ ਨਕ ਵਿਚ ਦਮ ਕਰਕੇ ਰੱਖਿਆ ਹੈ।
ਸਪੀਕਰ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਰਸੋਈ ਗੈਸ ਤੇਲ ਦੀਆਂ ਕੀਮਤਾਂ ਆਮ ਬੰਦੇ ਦੀ ਵੱਸੋਂ ਬਾਹਰ ਹਨ। ਲੋਕਾਂ ਦਾ ਜਿਊਣਾ ਮੁਸ਼ਕਿਲ ਹੈ। ਸਰਕਾਰੀ ਅਦਾਰੇ ਸੇਲ ਉੱਤੇ ਲੱਗੇ ਹਨ। ਸਾਰੇ ਅਦਾਰੇ ਵੇਚਣ ਲਈ ਸਰਕਾਰ ਨੂੰ ਅਡਾਨੀ ਅੰਬਾਨੀ ਤੋਂ ਕੁਝ ਨਹੀਂ ਦਿਸ ਰਿਹਾ। ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਨਫਰਤ ਹੈ। ਜਿਹੜਾ ਵੀ ਅਵਾਜ ਚੁੱਕਦਾ ਹੈ ਉਸਨੂੰ ਈਡੀ ਟੈਕਸ ਤੋਂ ਡਰਾਇਆ ਜਾਂਦਾ ਹੈ।
ਮੈਨੂੰ ਭਰੋਸਾ ਹੈ ਕਿ ਜੋ ਲੜਾਈ ਸ਼ੁਰੂ ਹੋਈ ਹੈ, ਜਰੂਰ ਜਿਤੇਗੀ।ਅਸੀਂ ਚੇਤਾਵਨੀ ਦਿੰਦੇ ਹਾਂ ਕਿ ਸਹੀ ਰਸਤੇ ਤੇ ਆ ਜਾਓ, ਨਹੀਂ ਤਾਂ ਦੇਸ਼ ਬਰਬਾਦ ਹੋ ਜਾਵੇਗਾ ਤੇ ਲੋਕ ਤੁਹਾਨੂੰ ਵੀ ਨਹੀਂ ਬਖਸ਼ਣਗੇ।
ਰਾਜੇਵਾਲ ਨੇ ਇਸ ਮੌਕੇ ਸਦਨ ਅੱਗੇ ਨੋ ਕਾਨਫੀਡੈਂਸ ਮੋਸ਼ਨ ਯਾਨੀ ਕਿ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ ਤੇ ਇਸਨੂੰ ਪਾਸ ਕਰਕੇ ਮੰਗ ਕੀਤੀ ਕਿ ਮੋਦੀ ਸਰਕਾਰ ਨੂੰ ਚੱਲਦਾ ਕੀਤਾ ਜਾਵੇ।