Punjab

ਟੋਕੀਓ ‘ਚ ਖੇਡਣ ਵਾਲੇ ਹੁਣ ਪੰਜਾਬ ਦੀਆਂ ਇਨ੍ਹਾਂ ਖੇਡਾਂ ਲਈ ਵੀ ਰਹਿਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੋਕੀਓ ਉਲੰਪਿਕ ਵਿੱਚ ਗਈਆਂ ਭਾਰਤੀ ਹਾਕੀ ਟੀਮਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਬੀਬੀ ਜਗੀਰ ਕੌਰ ਨੇ ਓਲੰਪਿਕ ਵਿੱਚ ਖੇਡ ਕੇ ਆਏ ਖਿਡਾਰੀਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਇਨਾਮਾਂ ਦੇ ਐਲਾਨ ਦੇ ਪਿੱਛੇ ਦਾ ਕਾਰਨ ਦੱਸਦਿਆਂ ਕਿਹਾ ਕਿ ਇਹ ਖਿਡਾਰੀ ਖੇਡਣ ਜਾਣ ਤੋਂ ਪਹਿਲਾਂ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਜਾਂਦੇ ਹਨ, ਇਸ ਲਈ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ ਇਹ ਇਨਾਮ ਦਿੱਤੇ ਜਾ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦੀ ਅੱਡੀ ਥੱਲੇ ਨਹੀਂ ਲੱਗਣ ਦਿੱਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੇਸ਼ੱਕ ਭਾਰਤੀ ਮਹਿਲਾ ਹਾਕੀ ਟੀਮ ਜਿੱਤ ਨਹੀਂ ਸਕੀ ਪਰ ਓਲੰਪਿਕ ਵਿੱਚ ਜਾਣਾ ਹੀ ਵੱਡੀ ਗੱਲ ਹੈ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦ ਹੀ ਅੰਡਰ-17 ਖੇਡਾਂ ਕਰਵਾਉਣ ਜਾ ਰਹੀ ਹੈ, ਜਿਸ ਵਿੱਚ ਹਾਕੀ, ਬਾਸਕਟਬਾਲ ਅਤੇ ਐਥਲੈਟਿਕਸ ਦੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।

ਸ਼੍ਰੋਮਣੀ ਕਮੇਟੀ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਟੋਕੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਪੰਜ-ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਬੀਬੀ ਜਗੀਰ ਕੌਰ ਨੇ ਖਿਡਾਰੀਆਂ ਨੂੰ ਵੀਡੀਓ ਕਾਲ ਦੇ ਰਾਹੀਂ ਵਧਾਈ ਵੀ ਦਿੱਤੀ।