‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੀਆਂ ਫੌਜਾਂ ਹਟਣ ਅਤੇ ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜੇ ਤੋਂ ਬਾਅਦ ਖਾਸਕਰਕੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਉੱਠ ਰਹੀ ਹੈ।ਹਾਲਾਂਕਿ ਸ਼ਿਰੋਮਣੀ ਕਮੇਟੀ ਨੇ ਇਸ ਚਿੰਤਾ ਨੂੰ ਗੰਭੀਰਤਾ ਨਾਲ ਲਿਆ ਹੈ। ਤਾਜੀ ਮੀਡੀਆ ਰਿਪੋਰਟ ਅਨੁਸਾਰ ਅਫਗਾਨਿਸਤਾਨ ਦੇ ਇਕ ਗੁਰੂਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਉਣ ਦੀ ਖਬਰ ਆ ਰਹੀ ਹੈ।ਜਾਣਕਾਰੀ ਅਨੁਸਾਰ ਇਸ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਧਮਕਾਉਣ ਦੀ ਵੀ ਘਟਨਾ ਵਾਪਰੀ ਹੈ।ਇਸਨੂੰ ਲੈ ਕੇ ਸਿਖ ਜਥੇਬੰਦੀਆਂ ਵਿਚ ਅਫਗਾਨਿਸਤਾਨ ਦੇ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਹ ਗੁਰੂਦੁਆਰਾ ਸਾਹਿਬ ਅਫਗਾਨਿਸਤਾਨ ਦੇ ਚਮਕਾਨੀ, ਪਖਤਿਆ ‘ਚ ਸਿੱਖ ਇਤਿਹਾਸ ਨਾਲ ਜੁੜਿਆ ਗੁਰੂ ਘਰ ਹੈ।ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਪਿਛਲੇ ਸਾਲ ਨਿਧਾਨ ਸਿੰਘ ਨੂੰ ਅਗਵਾ ਕੀਤਾ ਗਿਆ ਸੀ।
ਦੱਸ ਦਈਏ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਹਾਲਾਤ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ।25 ਮਾਰਚ 2020 ਨੂੰ ਆਈਐੱਸਆਈ ਨੇ ਕਾਬੁਲ ਦੇ ਗੁਰੂਦੁਆਰਾ ਸਾਹਿਬ ਉੱਤੇ ਹਮਲਾ ਕਰਕੇ 25 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਿਖ ਜਥੇਬੰਦੀਆਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਫਗਨਿਸਤਾਨ ਵਿੱਚੋਂ ਹਾਲੀਆ ਖਬਰਾਂ ਅਨੁਸਾਰ ਅਮਰੀਕਾ ਦੀਆਂ ਫੌਜਾਂ ਦੇ ਹਟਾਏ ਜਾਣ ਅਤੇ ਤਾਲਿਬਾਨ ਵੱਲੋਂ ਕੀਤੇ ਗਏ ਕਬਜੇ ਦੇ ਕਾਰਨ ਸਿੱਖਾਂ ਦੀ ਅਫਗਾਨਿਸਤਾਨ ਵਿਚ ਸੁਰੱਖਿਆ ਉੱਤੇ ਲੰਬੀ ਬਹਿਸ ਹੋ ਰਹੀ ਹੈ।ਸਿੱਖ ਹੀ ਨਹੀਂ, ਇੱਥੇ ਮੁਸਲਮਾਨਾਂ ਦੀ ਸ਼ੀਆ ਬਰਾਦਰੀ ਉੱਤੇ ਵੀ ਹਮਲੇ ਹੁੰਦੇ ਆ ਰਹੇ ਹਨ।
ਅਫਗਾਨਿਸਤਾਨ ਵਿਚ ਜੇਕਰ ਝਾਤ ਮਾਰੀ ਜਾਵੇ ਤਾਂ ਹਿੰਦੂ ਤੇ ਸਿੱਖਾਂ ਦੀ ਹਾਲਤ ਬਹੁਤ ਮਾੜੀ ਹੈ। ਅਫਗਾਨਿਸਤਾਨ ਦੇ ਖਾਸ 3 ਸ਼ਹਿਰਾਂ ਵਿਚ ਸਿੱਖਾਂ ਤੇ ਹਿੰਦੂਆਂ ਦੀ ਕੁਲ ਅਬਾਦੀ ਮਾਤਰ 850 ਹੈ। ਸਿੱਖਾਂ ਦੇ ਵੱਡੇ ਵਿਦਵਾਨ ਭਾਈ ਨੰਦ ਲਾਲ ਹੁਰਾਂ ਦਾ ਜਨਮ ਗਜ਼ਨੀ ਸ਼ਹਿਰ ਵਿਚ ਹੋਇਆ ਸੀ।ਅਫਗਾਨਿਸਤਾਨ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਅਤੇ ਉਨ੍ਹਾਂ ਦੀਆਂ ਉਦਾਸੀਆਂ ਦੇ ਮੁਕੱਦਸ ਥਾਂ ਜਲਾਲਾਬਾਦ ਅਤੇ ਕਾਬੁਲ ਵਿਚ ਹਨ। ਕੰਧਾਰ ਵੀ ਗੁਰੂ ਨਾਨਕ ਦੇਵ ਜੀ ਦਾ ਫੇਰਾ ਪਿਆ ਸੀ। 1992 ਵਿਚ 90 ਫੀਸਦ ਸਿੱਖਾਂ ਤੇ ਹਿੰਦੂਆਂ ਨੂੰ ਅਫਗਾਨਿਸਤਾਨ ਛੱਡ ਕੇ ਭਾਰਤ ਆਉਣਾ ਪਿਆ ਸੀ। ਬਹੁਤੇ ਸਿੱਖਾਂ ਨੂੰ ਗੁਰੂਦੁਆਰਿਆਂ ਵਿਚ ਰਹਿਣਾ ਪੈਂਦਾ ਹੈ।