‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਸਦਭਾਵਨਾ ਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਸਰ੍ਹਾਂ ਨੂੰ ਦੁਬਾਰਾ ਉਸਾਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਗੀ ਭਾਈ ਬਲਦੇਵ ਸਿੰਘ ਵਡਾਲਾ ਸਮੇਤ 11 ਸਿੱਖਾਂ ਦਾ ਜਥਾ ਵਿਰੋਧ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ। ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ।
ਭਾਈ ਵਡਾਲਾ ਨੇ ਕਿਹਾ ਕਿ ਹਰ ਰੋਜ਼ 11 ਸਿੰਘ 12 ਵਜੇ ਵਿਰੋਧ ਕਰਨ ਲਈ ਇੱਥੇ ਆਇਆ ਕਰਨਗੇ। ਭਾਈ ਵਡਾਲਾ ਨੇ SGPC ਪ੍ਰਧਾਨ ਬੀਬੀ ਜਗੀਰ ਕੌਰ ਦੀ ਤੁਲਨਾ ਇੰਦਰਾ ਗਾਂਧੀ ਦੇ ਨਾਲ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿਖੇ ਟੈਂਕ ਲਿਆ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਅਤੇ ਬੀਬੀ ਜਗੀਰ ਕੌਰ ਨੇ ਜੇਸੀਬੀ ਲਿਆ ਕੇ ਮੁੱਢੋਂ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਬੀਬੀ ਇੰਦਰਾ ਕੋਲੋਂ ਜਿਹੜਾ ਕੰਮ ਰਹਿ ਗਿਆ ਸੀ, ਉਹ ਹੁਣ ਬੀਬੀ ਜਗੀਰ ਕੌਰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ SGPC ਮੁਲਾਜ਼ਮਾਂ ਨੇ ਮੀਡੀਆ ਕਰਮੀਆਂ ਦੇ ਕੈਮਰੇ ਖੋਹੇ ਹਨ। ਮੀਡੀਆ ਕਰਮੀਆਂ ਕੋਲੋਂ ਕੈਮਰੇ ਖੋਹ ਕੇ ਉਨ੍ਹਾਂ ਨੂੰ ਚਪੇੜਾਂ ਮਾਰੀਆਂ ਗਈਆਂ ਹਨ।