Punjab

ਅੱਧੇ ਪੰਜਾਬ ਦੀ ਪੁਲਿਸ ਪਟਿਆਲੇ ‘ਚ ਝੋਕੀ

‘ਦ ਖ਼ਾਲਸ ਬਿਊਰੋ :- ਮੁਲਾਜ਼ਮਾਂ ਦੀ ਇਤਿਹਾਸਕ ਰੈਲੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਅੱਧੇ ਪੰਜਾਬ ਦੀ ਪੁਲਿਸ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਝੋਕ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ 16 ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਮਹਾਂਰੈਲੀ ਵਿੱਚ ਲੱਖ 50 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੇ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਡੱਕਣ ਲਈ 10 ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਹੈ।


ਮੁਲਾਜ਼ਮ ਜਥੇਬੰਦੀਆਂ ਦਾ ਦਾਅਵਾ ਹੈ ਕਿ ਰੈਲੀ ਵਿੱਚ 50 ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਪਹੁੰਚਣਗੇ। ਰੈਲੀ ਅਨਾਜ ਮੰਡੀ ਸਰਹਿੰਦ ਰੋਡ ਵਿਖੇ ਰੱਖੀ ਗਈ ਹੈ। ਉਂਝ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਮੋਤੀ ਮਹਿਲ ਨੂੰ ਜਾਂਦੇ ਸਾਰੇ ਰਸਤੇ ਪਹਿਲਾਂ ਹੀ ਸੀਲ ਕਰ ਦਿੱਤੇ ਗਏ ਹਨ ਅਤੇ ਥਾਂ-ਥਾਂ ਰੋਕਾਂ ਵੀ ਲਾਈਆਂ ਗਈਆਂ ਹਨ। ਇੱਕ ਹੋਰ ਜਾਣਕਾਰੀ ਅਨੁਸਾਰ ਮੈਡੀਕਲ ਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤ ਹੈ।  ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਦਿਆਨਤਦਾਰੀ ਨਾਲ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰੈਲੀ ਰੱਖੀ ਗਈ ਹੈ। ਲੰਘੇ ਕੱਲ੍ਹ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਇਨ੍ਹਾਂ ਮੰਗਾਂ ਨੂੰ ਲੈ ਕੇ ਰੱਖੀ ਮੀਟਿੰਗ ਬੇਸਿੱਟਾ ਰਹਿਣ ਪਿੱਛੋਂ ਮੁਲਾਜ਼ਮਾਂ ਵਿੱਚ ਰੋਸ ਵੱਧ ਗਿਆ ਹੈ।