‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਵਾਂ ਅਹੁਦਾ ਸੰਭਾਲਦਿਆਂ ਹੀ ਚਾਰੇ ਪਾਸੇ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜਪੋਸ਼ੀ ਸਮਾਗਮ ਦੇ ਵੇਲੇ ਕਿਸਾਨਾਂ ਨੂੰ ਪਿਆਸੇ ਅਤੇ ਆਪਣੇ-ਆਪ ਨੂੰ ਖੂਹ ਦੱਸਣ ਵਾਲੇ ਸਿੱਧੂ ਨੂੰ ਕਿਸਾਨਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਤਾਂ ਸਿੱਧੂ ਨੂੰ ਪਿੰਡਾਂ ਵਿੱਚ ਨਾ ਵੜ੍ਹਨ ਦੀ ਚਿਤਾਵਨੀ ਦਿੱਤੀ ਹੈ। ਲੰਘੇ ਕੱਲ੍ਹ ਉਹ ਚਮਕੌਰ ਸਾਹਿਬ ਗਏ ਪਰ ਕਿਸਾਨਾਂ ਦੇ ਆਮ੍ਹੋ-ਸਾਹਮਣੇ ਵਿਰੋਧ ਤੋਂ ਬਚ ਗਏ। ਕਾਂਗਰਸ ਪਾਰਟੀ ਦੇ ਅੰਦਰੋਂ ਵੀ ਸਿੱਧੂ ਵਿਰੁੱਧ ਵਿਰੋਧੀ ਸੁਰਾਂ ਉੱਠਣ ਲੱਗ ਪਈਆਂ ਹਨ।
ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਚਮਕੌਰ ਸਾਹਿਬ ਨੇੜੇ ਘੇਰਨ ਵਾਲੇ ਚੋਣਵੇਂ ਕਿਸਾਨਾਂ ਖਿਲਾਫ ਪੁਲਿਸ ਕੋਲ ਪੁਲਿਸ ਸ਼ਿਕਾਇਤ ਦਿੱਤੀ ਗਈ ਹੈ। ਸਿੱਧੂ ਹੁਣ ਜਦੋਂ ਪਿੰਡਾਂ ਵਿੱਚ ਵੜ੍ਹਨ ਤੋਂ ਝਿਜਕਣ ਲੱਗੇ ਹਨ ਤਾਂ ਅੱਜ ਉਨ੍ਹਾਂ ਨੇ ਆਪਣੇ ਚਾਰ ਵਰਕਿੰਗ ਪ੍ਰਧਾਨਾਂ ਨਾਲ ਮੀਟਿੰਗ ਰੱਖ ਲਈ ਹੈ। ਚੰਡੀਗੜ੍ਹ ਦੇ ਕਾਂਗਰਸ ਭਵਨ ਵਿੱਚ ਇੱਕ ਵਜੇ ਹੋਣ ਵਾਲੀ ਮੀਟਿੰਗ ਵਿੱਚ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆ, ਕੁਲਜੀਤ ਸਿੰਘ ਨਾਗਰਾ, ਪਵਨ ਗੋਇਲ ਅਤੇ ਸੁਖਵਿੰਦਰ ਸਿੰਘ ਡੈਨੀ ਨੂੰ ਸਿਆਸਤ ਦੇ ਗੁਰ ਸਮਝਾਉਣਗੇ।