‘ਦ ਖ਼ਾਲਸ ਬਿਊਰੋ :- ਉੱਤਰਾਖੰਡ ਵਿੱਚ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੀਜੇਪੀ ਦੇ ਮੈਂਬਰ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਆਉਣ ‘ਤੇ ਗੁਰਦੁਆਰਾ ਵਿਖੇ ਉਸਦੇ ਸਵਾਗਤ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਬਾਣੀ ਨੂੰ ਰੋਕ ਕੇ ਕੁੱਝ ਔਰਤਾਂ ਵੱਲੋਂ ਡਾਂਸ ਕਰਵਾਇਆ ਗਿਆ। ਦਰਅਸਲ, ਪੁਸ਼ਕਰ ਸਿੰਘ ਧਾਮੀ ਵੱਲੋਂ ਆਪਣੀ ਪਾਰਟੀ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ, ਜਿਸ ਦੌਰਾਨ ਉਹਨਾਂ ਦਾ ਰੋਡ ਸ਼ੋਅ ਡੇਰਾ ਕਰਾ ਸੇਵਾ ਪਹੁੰਚਿਆ, ਜਿੱਥੇ ਕਾਰਸੇਵਾ ਦੇ ਬਾਬਾ ਤਰਸੇਮ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾ, ਤਲਵਾਰ ਅਤੇ ਚਾਂਦੀ ਦਾ ਮੁਕਟ ਦੇ ਕੇ ਸਨਮਾਨਿਤ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਮਰਯਾਦਾ ਦੀ ਕੀਤੀ ਗਈ ਇਸ ਉਲੰਘਣਾ ਦੀ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜੋ ਤੁਰੰਤ ਹੀ ਮੌਕੇ ‘ਤੇ ਜਾ ਕੇ ਜਾਂਚ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ। ਮਰਯਾਦਾ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਅਜੀਤ ਸਿੰਘ ਸ਼ਾਮਿਲ ਹਨ।