India Punjab

ਖੇਤੀਬਾੜੀ ਮੰਤਰੀ ‘ਤੋਮਰ’ ਨੇ ਦਿੱਤਾ ਅਸਤੀਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਸੰਸਦ ਵਿੱਚ ਅੱਜ ਇੱਕ ਬਹੁਤ ਹੀ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਸੰਸਦ ਤਾਂ ਅਸਲੀ ਸੀ ਪਰ ਵਿੱਚ ਕਿਰਦਾਰ ਨਕਲੀ ਸੀ। ਕਿਸਾਨ ਸੰਸਦ, ਜੋ ਕਿਸਾਨਾਂ ਵੱਲੋਂ ਕੱਲ੍ਹ ਤੋਂ ਲਗਾਤਾਰ ਜਾਰੀ ਹੈ, ਉਸ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਜਗਾਉਣ ਲਈ ਕਿਸਾਨ ਸੰਸਦ ਵਿੱਚ ਨਾਟਕੀ ਰੂਪਾਂਤਰ ਕੀਤਾ ਗਿਆ। ਅੱਜ ਕਿਸਾਨ ਸੰਸਦ ਵਿੱਚ ਨਕਲੀ ਦੇ ਬਣੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਿਸਾਨ ਸੰਸਦ ਦੇ ਸਪੀਕਰ ਬਣੇ ਕਿਸਾਨ ਨੇ ਕਿਸਾਨ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਮੰਤਰੀ ਤੋਮਰ ਨੂੰ ਤੁਹਾਡੇ ਸਾਹਮਣੇ ਸ਼ਰਮਿੰਦਾ ਹੋਣ ਦੇ ਕਰਕੇ ਅਸਤੀਫਾ ਦੇਣਾ ਪਿਆ। ਦਰਅਸਲ, ਜੋ ਕਿਸਾਨ ਖੇਤੀਬਾੜੀ ਮੰਤਰੀ ਬਣਿਆ ਸੀ, ਉਸਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਜਿਵੇਂ ਕਿ ਅਸਲ ਵਿੱਚ ਕੇਂਦਰ ਸਰਕਾਰ ਕਿਸਾਨਾਂ ਨੂੰ ਚਾਰ ਰਹੀ ਹੈ। ਜਦੋਂ ਕਿਸਾਨਾਂ ਨੇ ਕਿਸਾਨ ਸੰਸਦ ਵਿੱਚ ਤੋਮਰ ਦਾ ਵਿਰੋਧ ਕੀਤਾ ਤਾਂ ਤੋਮਰ ਨੇ ਆਪਣਾ ਅਸਤੀਫਾ ਦੇ ਦਿੱਤਾ। ਤੋਮਰ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਅੱਗੇ ਝੁਕ ਗਿਆ ਹਾਂ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਮੇਰੇ ਅਸਤੀਫੇ ਨੂੰ ਸਵੀਕਾਰ ਕੀਤਾ ਜਾਵੇ। ਅਸਤੀਫਾ ਦੇਣ ਤੋਂ ਬਾਅਦ ਨਕਲੀ ਬਣੇ ਤੋਮਰ ਨੇ ਕਿਹਾ ਕਿ ਮੈਂ ਵੀ ਹੁਣ ਕਿਸਾਨਾਂ ਦੇ ਨਾਲ ਬੈਠਾਂਗਾ ਕਿਉਂਕਿ ਮੈਂ ਵੀ ਇੱਕ ਕਿਸਾਨ ਦਾ ਪੁੱਤਰ ਹਾਂ। ਇਸ ਤੋਂ ਬਾਅਦ ਕਿਸਾਨ ਸੰਸਦ ਨੇ ਕਿਹਾ ਕਿ ਹੁਣ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ।