‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਨਸੂਨ ਸੈਸ਼ਨ ਦੇ ਚੱਲਦਿਆਂ ਅੱਜ ਕਿਸਾਨਾਂ ਦੇ ਪਹਿਲੇ ਜਥੇ ਨੇ ਜੰਤਰ-ਮੰਤਰ ਵੱਲ ਨੂੰ ਕੂਚ ਕਰ ਦਿੱਤਾ ਹੈ। ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਪਹਿਲੇ ਜਥੇ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ-ਮੰਤਰ ਵੱਲ ਕੂਚ ਕੀਤਾ ਹੈ। ਹਾਲਾਂਕਿ, ਸਿੰਘੂ ਬਾਰਡਰ ਤੋਂ ਬਾਹਰ ਨਿਕਲਦਿਆਂ ਹੀ ਕਿਸਾਨਾਂ ਦੇ ਪਹਿਲੇ ਜਥੇ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਵਿਰੋਧ ਕਰਦਿਆਂ ਕਿਸਾਨ ਲੀਡਰਾਂ ਨੇ ਕਿਹਾ ਕਿ ਪੁਲਿਸ ਜਾਣਬੁੱਝ ਕੇ ਸਾਡਾ ਵਕਤ ਬਰਬਾਦ ਕਰ ਰਹੀ ਹੈ। ਇਸ ਮੌਕੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਅਤੇ ਰਾਕੇਸ਼ ਟਿਕੈਤ ਵੀ ਮੌਜੂਦ ਸਨ। ਪੁਲਿਸ ਨਾਲ ਤਕਰਾਰ ਤੋਂ ਬਾਅਦ ਕਿਸਾਨਾਂ ਦਾ ਕਾਫਲਾ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ। ਸੰਸਦ ਮਾਰਚ ਲਈ ਕਿਸਾਨਾਂ ਨੇ ਐਂਬੂਲੈਂਸ ਸਮੇਤ ਲੋੜੀਂਦੇ ਪ੍ਰਬੰਧ ਆਪ ਕੀਤੇ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਮੌਜੂਦ ਸੀ। ਪੁਲਿਸ ਦੀ ਨਿਗਰਾਨੀ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਹੋਵੇਗਾ। ਸੰਸਦ ਮਾਰਚ ਲਈ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਾਕਾਇਦਾ ਪਛਾਣ ਪੱਤਰ ਦਿੱਤੇ ਗਏ ਹਨ। ਮੌਨਸੂਨ ਸੈਸ਼ਨ ਦੌਰਾਨ 200 ਕਿਸਾਨਾਂ ਦਾ ਜਥਾ ਹਰ ਰੋਜ਼ ਜੰਤਰ-ਮੰਤਰ ਵੱਲ ਕੂਚ ਕਰੇਗਾ। ਦਰਅਸਲ, ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਮੌਨਸੂਨ ਸੈਸ਼ਨ ਦੌਰਾਨ ਸੰਸਦ ਮਾਰਚ ਕਰਨ ਦਾ ਐਲਾਨ ਕੀਤਾ ਸੀ।