‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ‘ਤੇ ਕੇਂਦਰ ਸਰਕਾਰ ਨੇ ਵੱਡਾ ਬਿਆਨ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦਾ ਰਿਕਾਰਡ ਨਹੀਂ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਰਿਕਾਰਡ ਹੀ ਨਹੀਂ ਹੈ ਤਾਂ ਮੁਆਵਜ਼ਾ ਕਿਵੇਂ ਦਈਏ।
ਤੋਮਰ ਨੇ ਪੀਐੱਮ ਕਿਸਾਨ ਨਿਧੀ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 42 ਲੱਖ ਤੋਂ ਵੱਧ ਕਿਸਾਨ ਨਾਜਾਇਜ਼ ਤਰੀਕੇ ਨਾਲ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਯੋਜਨਾ ਤਹਿਤ ਲੋੜਵੰਦ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਪਰ 3 ਹਜ਼ਾਰ ਕਰੋੜ ਪੈਸਾ ਉਹ ਕਿਸਾਨ ਲੈ ਰਹੇ ਹਨ, ਜੋ ਲੋੜਵੰਦ ਨਹੀਂ ਹਨ। ਹੁਣ ਉਨ੍ਹਾਂ ਕਿਸਾਨਾਂ ਤੋਂ ਪੈਸਾ ਵਾਪਸ ਲਿਆ ਜਾਵੇਗਾ। ਉਨ੍ਹਾਂ ਇਨ੍ਹਾਂ ਕਿਸਾਨਾਂ ਦਾ ਅੰਕੜਾ ਦੱਸਦਿਆਂ ਹੋਇਆ ਕਿਹਾ ਕਿ ਆਸਾਮ ਵਿੱਚ 8 ਲੱਖ 37 ਹਜ਼ਾਰ ਕਿਸਾਨ, ਤਾਮਿਲਨਾਡੂ ਵਿੱਚ 10 ਲੱਖ 22 ਹਜ਼ਾਰ ਕਿਸਾਨ ਅਤੇ ਪੰਜਾਬ ਵਿੱਚ 5 ਲੱਖ ਤੋਂ ਵੱਧ ਕਿਸਾਨਾਂ ਨੇ ਇਸ ਯੋਜਨਾ ਦਾ ਨਾਜਾਇਜ਼ ਇਸਤੇਮਾਲ ਕੀਤਾ ਹੈ।
ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਤੋਮਰ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿੰਨੀ ਨਲਾਇਕ ਸਰਕਾਰ ਹੈ, ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਸਾਡੇ ਕਿਸਾਨ ਕਿੰਨੇ ਅਤੇ ਕਿਵੇਂ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬਾਕਾਇਦਾ ਪੋਸਟ ਮਾਰਟਮ ਹੋਏ ਹਨ, ਸਾਡੀਆਂ ਜਥੇਬੰਦੀਆਂ ਕੋਲ ਮ੍ਰਿਤਕ ਕਿਸਾਨਾਂ ਦਾ ਸਾਰਾ ਰਿਕਾਰਡ ਹੈ। ਇਹ ਦੱਸਣ, ਇਨ੍ਹਾਂ ਨੂੰ ਕਦੋਂ ਕਿਹੜੇ ਕਾਗਜ਼ਾਤ ਚਾਹੀਦੇ ਹਨ, ਅਸੀਂ ਸਭ ਉਪਲੱਬਧ ਕਰਾਵਾਂਗੇ।
ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਵਿੱਚ ਕਰੀਬ ਸਾਢੇ 500 ਕਿਸਾਨ ਸ਼ਹੀਦ ਹੋ ਗਏ ਹਨ। ਇੱਥੋਂ ਤੱਕ ਕਿ ਜਦੋਂ ਅਸੀਂ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਤਾਂ ਉੱਥੇ ਵੀ ਅਸੀਂ ਮੀਟਿੰਗ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਸਮੇਂ ਤੋਮਰ ਨੇ ਵੀ ਸਾਡੇ ਨਾਲ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ ਸੀ। ਸਰਕਾਰ ਜਾਣ-ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ ਕਿ ਇਨ੍ਹਾਂ ਕੋਲ ਰਿਕਾਰਡ ਨਹੀਂ ਹੈ। ਇਨ੍ਹਾਂ ਕੋਲ ਸਾਰਾ ਰਿਕਾਰਡ ਹੈ ਅਤੇ ਜੇਕਰ ਇਨ੍ਹਾਂ ਕੋਲ ਰਿਕਾਰਡ ਨਹੀਂ ਵੀ ਹੈ ਤਾਂ ਇਹ ਸੰਸਦ ਵਿੱਚ ਮੰਗਣ ਅਤੇ ਕਿਸਾਨਾਂ ਨੂੰ ਸ਼ਹੀਦ ਐਲਾਨਣ ਤਾਂ ਅਸੀਂ ਇਨ੍ਹਾਂ ਨੂੰ ਸਾਰਾ ਰਿਕਾਰਡ ਇਨ੍ਹਾਂ ਦੇ ਟੇਬਲ ‘ਤੇ ਰੱਖ ਦਿਆਂਗੇ।