‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਐੱਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ ਇੱਕ ਹੋਰ ਚਲਾਨ ਪੇਸ਼ ਕੀਤਾ ਹੈ। ਇਹ ਚਲਾਨ ਵਿਵਾਦਤ ਪੋਸਟਰ ਨੂੰ ਲੈ ਕੇ ਕੀਤਾ ਗਿਆ ਹੈ। ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚਲਾਨ ਪੇਸ਼ ਕਰਨ ‘ਤੇ ਲੱਗੀ ਰੋਕ ਹਟਾ ਦਿੱਤੀ ਸੀ। ਇਹ ਚਲਾਨ ਐਫ.ਆਈ.ਆਰ. ਨੰ. 117 /15 ਪੀ.ਐਸ. ਬਾਜਾਖਾਨਾ ਨਾਲ ਸਬੰਧਤ ਹੈ। ਦਰਅਸਲ, ਬੇਅਦਬੀ ਮਾਮਲੇ ਵਿੱਚ ਐੱਸਆਈਟੀ ਵੱਲੋਂ ਦੋ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਬੇਅਦਬੀ ਮਾਮਲੇ ਵਿੱਚ ਦੋ ਐੱਫਆਈਆਰ 128 ਨੰਬਰ ਐੱਫਆਈਆਰ ਅਤੇ 117 ਨੰਬਰ ਐੱਫਆਈਆਰ ਦਰਜ ਹੋਈਆਂ ਹਨ। 128 ਨੰਬਰ ਐੱਫਆਈਆਰ ਬੇਅਦਬੀ ਮਾਮਲਿਆਂ ਨਾਲ ਜੁੜੀ ਹੋਈ ਹੈ। 117 ਨੰਬਰ ਐੱਫਆਈਆਰ ਵਿਵਾਦਤ ਪੋਸਟਰ ਮਾਮਲੇ ਦੇ ਨਾਲ ਜੁੜੀ ਹੋਈ ਹੈ।
ਇਸ ਤੋਂ ਪਹਿਲਾਂ ਐੱਸਆਈਟੀ ਨੇ 128 ਨੰਬਰ ਐੱਫਆਈਆਰ ਸਬੰਧੀ ਫਰੀਦਕੋਟ ਵਿੱਚ ਚਲਾਨ ਪੇਸ਼ ਕੀਤਾ ਸੀ। ਪਰ ਹਾਈਕੋਰਟ ਨੇ 117 ਨੰਬਰ ਐੱਫਆਈਆਰ ‘ਤੇ ਕੁੱਝ ਦੇਰ ਲਈ ਰੋਕ ਲਾਈ ਹੋਈ ਸੀ ਕਿਉਂਕਿ ਇਸ ਮਾਮਲੇ ਵਿੱਚ ਜੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਇੱਕ ਦੋਸ਼ੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਈਰ ਕੀਤੀ ਸੀ। ਪਟੀਸ਼ਨ ਵਿੱਚ ਉਸਨੇ ਹੱਥ ਲਿਖਤ ਦੇ ਦੁਬਾਰਾ ਨਮੂਨੇ ਲੈਣ ਦਾ ਵਿਰੋਧ ਕੀਤਾ ਸੀ। ਪਰ ਹੁਣ ਹਾਈਕੋਰਟ ਨੇ ਉਹ ਰੋਕ ਹਟਾ ਦਿੱਤੀ ਹੈ।