‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਵਿੱਚ ਆਪਣੇ ਘਰ ਈਦ ਮਨਾਉਣ ਜਾ ਰਹੇ 30 ਲੋਕਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 40 ਲੋਕ ਜਖਮੀ ਹੋਏ ਹਨ।ਇਹ ਹਾਦਸਾ ਪਾਕਿਸਤਾਨ ਦੇ ਜਿਲ੍ਹਾ ਡੇਰਾ ਗਾਜ਼ੀ ਖਾਨ ਵਿੱਚ ਇਕ ਬਸ ਅਤੇ ਟਰੱਕ ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ ਹੈ।
ਇੰਡੀਆ ਟੁਡੇ ਦੀ ਖਬਰ ਮੁਤਾਬਿਕ ਇਹ ਖਾਸਕਕੇ ਮਜਦੂਰਾਂ ਨਾਲ ਭਰੀ ਹੋਈ ਇਹ ਬਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ ਤੇ ਇੰਡਸ ਹਾਈਵੇ ਨੇੜੇ ਟੌਨਸਾ ਬਾਈਪਾਸ ਉੱਤੇ ਇਹ ਹਾਦਸਾ ਵਾਪਰਿਆ ਹੈ। ਇਹ ਲਾਹੌਰ ਤੋਂ 430 ਕਿਲੋਮੀਟਰ ਦੂਰ ਹੈ। ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।ਇਸ ਹਾਦਸੇ ਵਿਚ 18 ਲੋਕਾਂ ਦੀ ਮੌਤ ਹਾਦਸੇ ਵਾਲੀ ਥਾਂ ਉੱਤੇ ਹੀ ਹੋਈ ਦੱਸੀ ਜਾ ਰਹੀ ਹੈ।
ਇਸ ਹਾਦਸੇ ਵਿਚ 30 ਲੋਕਾਂ ਦੀ ਮੌਤ ਦੀ ਪੁਸ਼ਟੀ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇਕ ਟਵੀਟ ਰਾਹੀਂ ਕੀਤੀ ਹੈ।ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਾਹਨ ਧਿਆਨਪੂਰਵਕ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚਲਾਉਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਮਾੜੀਆਂ ਸੜਕਾਂ ਤੇ ਗੈਰਤਜੁਰਬੇਕਾਰ ਡ੍ਰਾਇਵਰਾਂ ਦੇ ਕਾਰਨ ਹਾਦਸੇ ਵਧ ਰਹੇ ਹਨ।