Punjab

ਜਥੇਦਾਰ ਹੁਣ ਹੋਏ ਬੇਅਦਬੀ ਕਰਨ ਵਾਲਿਆਂ ਦੇ ਸਖਤ ਖਿਲਾਫ, ਸੁਰੰਗ ਬਾਰੇ ਕੀਤਾ ਵੱਡਾ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਮੀਰੀ-ਪੀਰੀ ਦਿਵਸ ਦੀਆਂ ਸਾਰੀ ਸਿੱਖ ਕੌਮ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਇਸ ਦਿਵਸ ਮੌਕੇ ਗਤਕਿਆਂ ਦੇ ਮੁਕਾਬਲੇ ਕਰਵਾਏ ਗਏ ਹਨ। ਜਥੇਦਾਰ ਨੇ ਸਾਰੀ ਸਿੱਖ ਸੰਗਤ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਸ਼ਸਤਰਾਂ ਦੇ ਨਾਲ ਜੋੜਦਾ ਹੈ ਅਤੇ ਸ਼ਸਤਰਾਂ ਦਾ ਅਭਿਆਸ ਕਰਨ ਦੀ ਜਾਚ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਅਤੇ ਬਾਣੇ ਦੇ ਨਾਲ ਸ਼ਸਤਰਾਂ ਦੀ ਸਿੱਖਿਆ ਵੀ ਲੈਣੀ ਚਾਹੀਦੀ ਹੈ।

26 ਜੁਲਾਈ ਨੂੰ ਹੋਵੇਗੀ ਇਕੱਤਰਤਾ

ਜਥੇਦਾਰ ਹਰਪ੍ਰੀਤ ਸਿੰਘ ਨੇ ਪਿਛਲੇ ਕੁੱਝ ਦਿਨਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਸਬੰਧ ਵਿੱਚ 26 ਜੁਲਾਈ ਨੂੰ ਇੱਕ ਇਕੱਤਰਤਾ ਰੱਖਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਸਿੰਘ ਸਾਹਿਬਾਨ, ਸਿੱਖ ਪੰਥ ਦੀਆਂ ਨਾਮਵਰ ਸੰਪਰਦਾਵਾਂ, ਸੰਸਥਾਵਾਂ ਦੇ ਪ੍ਰਤੀਨਿਧਾਂ, ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਪੱਤਰ ਵੀ ਭੇਜਾਂਗੇ। ਜਥੇਦਾਰ ਨੇ ਕਿਹਾ ਕਿ ਇਸ ਇਕੱਤਰਤਾ ਵਿੱਚ ਅਸੀਂ ਇਹ ਜਾਨਣ ਦਾ ਯਤਨ ਕਰਾਂਗੇ ਕਿ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਅਤੇ ਸੁਝਾਅ ਵੀ ਲਵਾਂਗੇ।

ਸੁਰੰਗ ਬਾਰੇ ਕੀਤਾ ਖੁਲਾਸਾ

ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਨੇੜੇ ਖੁਦਾਈ ਸਮੇਂ ਮਿਲੀ ਸੁਰੰਗ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਇਹ ਮੁੱਦੇ ‘ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ। 1988 ਵਿੱਚ ਇਹ ਇੱਕ ਨਿੱਜੀ ਜਾਇਦਾਦ ਸੀ, ਇਹ ਗਿਆਨੀਆਂ ਦਾ ਬੁੰਗਾ ਸੀ। ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ਾ ਲੈ ਕੇ ਇਸ ਜਗ੍ਹਾ ਨੂੰ ਖਾਲੀ ਕੀਤਾ ਸੀ। ਉਸ ਵਕਤ ਕਿਸੇ ਨੇ ਨਾ ਤਾਂ ਰੌਲਾ ਪਾਇਆ ਸੀ ਅਤੇ ਨਾ ਹੀ ਵਿਰੋਧ ਕੀਤਾ ਸੀ। ਉਸ ਸਮੇਂ ਜਦੋਂ ਉੱਪਰਲੀਆਂ ਚਾਰ ਮੰਜ਼ਿਲਾਂ ਨੂੰ ਢਾਹਿਆ ਗਿਆ, ਉਦੋਂ ਕੋਈ ਬਲਡੋਜ਼ਰ ਦੇ ਅੱਗੇ ਨਹੀਂ ਆਇਆ, ਤੇ ਹੁਣ ਜੇ ਉਨ੍ਹਾਂ ਦੀ ਬੇਸਮੈਂਟ ਦੇ ਇੱਕ ਜਾਂ ਦੋ ਕਮਰੇ ਪੁਰਾਣੇ ਨਿਕਲ ਆਏ ਹਨ ਤਾਂ ਉਸਨੂੰ ਲੈ ਕੇ ਸ਼ੋਰ-ਸ਼ਰਾਬਾ ਪਾਉਣਾ ਠੀਕ ਨਹੀਂ ਹੈ ਕਿਉਂਕਿ ਨਾ ਤਾਂ ਇਹ ਕਿਸੇ ਦਾ ਨਿੱਜੀ ਡੇਰਾ ਬਣ ਰਿਹਾ ਹੈ ਅਤੇ ਨਾ ਹੀ ਇਹ ਬੀਬੀ ਜਗੀਰ ਕੌਰ ਦੀ ਕੋਠੀ ਬਣ ਰਹੀ ਹੈ, ਨਾ ਇਹ ਮੈਨੇਜਰ ਦਾ ਘਰ ਬਣ ਰਿਹਾ ਹੈ, ਇਹ ਸੰਗਤਾਂ ਦੀ ਸਹੂਲਤ ਦੇ ਲਈ ਜੋੜਾ ਘਰ, ਗੱਠੜੀ, ਸਕੂਟਰ ਸਟੈਂਡ ਬਣ ਰਿਹਾ ਹੈ। ਇਸਦਾ ਲਾਭ ਸੰਗਤ ਨੂੰ ਹੋਵੇਗਾ।

ਜਥੇਦਾਰ ਨੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ। ਹੈਰਾਨੀ ਵਾਲੀ ਗੱਲ ਹੈ ਕਿ ਹਾਲੇ ਤੱਕ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ।