Punjab

10 ਕਾਂਗਰਸੀਆਂ ਨੂੰ ਜਾਗਿਆ ਕੈਪਟਨ ਦਾ ਹੇਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ 10 ਕਾਂਗਰਸੀ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਇੱਕ ਅਹਿਮ ਕਦਮ ਚੁੱਕਿਆ ਹੈ। ਇਨ੍ਹਾਂ 10 ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਪਟਨ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ। ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਕੋਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਜਨਰਕ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ।

ਹਾਈਕਮਾਂਡ ਨੂੰ ਅਪੀਲ ਕਰਨ ਵਾਲੇ 10 ਕਾਂਗਰਸੀ ਵਿਧਾਇਕ

ਕਾਂਗਰਸ ਦੇ ਜਿਹੜੇ 10 ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ, ਉਨ੍ਹਾਂ ਵਿੱਚ ਇਹ ਵਿਧਾਇਕ ਸ਼ਾਮਿਲ ਹਨ :

  • ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ
  • ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ
  • ਕਾਦੀਆਂ ਤੋਂ ਵਿਧਾਇਕ ਫਤਿਹ ਬਾਜਵਾ
  • ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ
  • ਵਿਧਾਇਕ ਕੁਲਦੀਪ ਸਿੰਘ ਵੈਦ
  • ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ
  • ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਬਹਿਲਪੁਰ
  • ਬੋਹਾ ਤੋਂ ਵਿਧਾਇਕ ਜੋਗਿੰਦਰਪਾਲ
  • ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਲੂ
  • ਭਦੌੜ ਤੋਂ ਵਿਧਾਇਕ ਪਿਰਮਲ ਸਿੰਘ

ਇਹਨਾਂ ਵਿਧਾਇਕਾਂ ਨੇ ਹਾਈ ਕਮਾਂਡ ਨੂੰ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਅਸਤੀਫਾ ਚੇਤੇ ਕਰਵਾਇਆ। ਉਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਾਸ਼ ਨਾ ਕਰਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਪਾਰਟੀ ਚੰਗੀ ਤਰ੍ਹਾਂ ਤੋਂ ਖੜ੍ਹੀ ਹੈ। ਵਿਧਾਇਕਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਦੇਸ਼ ਪ੍ਰਧਾਨ ਦੀ ਨਿਯੁਕਤੀ ਪਾਰਟੀ ਹਾਈ ਕਮਾਂਡ ਦਾ ਅਧਿਕਾਰ ਹੈ ਪਰ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਪਾਰਟੀ ਦਾ ਗ੍ਰਾਫ ਘਟਿਆ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਧਾਂਤਕ ਰੁਖ ਕਾਰਨ ਹੀ ਸਿੱਖਾਂ ਵਿੱਚ ਇੱਕ ਉੱਚੇ ਨੇਤਾ ਵਜੋਂ ਖੜੇ ਹਨ। 

ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇੱਕ ਮਸ਼ਹੂਰ ਸ਼ਖਸੀਅਤ ਸਨ ਅਤੇ ਬਿਨਾਂ ਸ਼ੱਕ ਪਾਰਟੀ ਦੀ ਇੱਕ ਜਾਇਦਾਦ ਸਨ ਪਰ ਜਨਤਕ ਨਜ਼ਰੀਏ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਅਤੇ ਸਰਕਾਰ ਦੀ ਨਿੰਦਾ ਕਰਨ ਨਾਲ ਹੀ ਪਾਰਟੀ ਵਿੱਚ ਫੁੱਟ ਪੈ ਗਈ। ਵਿਧਾਇਕਾਂ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਉਨ੍ਹਾਂ ਦੇ ਸੁਝਾਵਾਂ ‘ਤੇ ਧਿਆਨ ਦੇਵੇਗੀ ਅਤੇ ਪਾਰਟੀ ਮਹੱਤਵਪੂਰਨ ਫੈਸਲੇ ਲੈਂਦੇ ਸਮੇਂ ਯਕੀਨੀ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ, ਯੋਗਦਾਨ ਅਤੇ ਪਿਛੋਕੜ ਨੂੰ ਯਾਦ ਰੱਖੇਗੀ।