India

ਹੈੱਡਫੋਨ ਪਿੱਛੇ ਆਪਣੀ ਭੈਣ ਨਾਲ ਕੀਤਾ ਇਹ ਖੌਫਨਾਕ ਕਾਂਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਘਰਾਂ ਵਿੱਚ ਨਿਕੀਆਂ ਨਿਕੀਆਂ ਗੱਲਾਂ ਪਿੱਛੇ ਲੜਾਈ ਝਗੜੇ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ।ਪਰ ਜਰਾ ਸੋਚੋ ਜੇਕਰ ਕੋਈ ਸਿਰਫ ਹੈੱਡਫੋਨ ਪਿੱਛੇ ਆਪਣੀ ਚਾਚੇ ਦੀ ਭੈਣ ਦੀ ਜਾਨ ਹੀ ਲੈ ਲਵੇ ਤਾਂ ਤੁਸੀਂ ਕੀ ਕਹੋਗੇ। ਇਹੋ ਜਿਹਾ ਇਕ ਮਾਮਲਾ ਮਹਾਂਰਾਸ਼ਟਰ  ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਇਕ ਨੌਜਵਾਨ ਨੇ ਕੱਟ-ਕੁੱਟ ਕੇ ਆਪਣੇ ਚਾਚੇ ਦੀ ਭੈਣ ਦਾ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਹੈੱਡਫੋਨ ਪਿੱਛੇ ਆਪਣੀ ਭੈਣ ਦੀ ਜਾਨ ਲੈਣ ਵਾਲਾ ਇਹ 24 ਸਾਲ ਦਾ ਨੌਜਵਾਨ ਮਹਾਂਰਾਸ਼ਟਰ ਦੇ ਅਕੋਲਾ ਦਾ ਰਹਿਣ ਵਾਲਾ ਹੈ ਤੇ ਦੇਰ ਸ਼ਾਮ ਇਸਨੇ ਘਟਨਾ ਨੂੰ ਸਿਰੇ ਚਾੜ੍ਹਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਤੈਸ਼ ਵਿਚ ਆ ਕੇ ਆਪਣੀ ਭੈਣ ਨੂੰ ਇੰਨਾ ਕੁੱਟਿਆ ਕਿ ਉਸਦੀ ਮੌਤ ਹੀ ਹੋ ਗਈ।ਇਸ ਮਾਮਲੇ ਉੱਤੇ ਖਾਦਨ ਪੁਲਿਸ ਦੇ ਇਕ ਥਾਣਾ ਅਧਿਕਾਰੀ ਨੇ ਕਿਹਾ ਹੈ ਕਿ ਗੌਰਕਸ਼ਨ ਰੋਡ ਉੱਤੇ ਮਾਧਵ ਨਗਰ ਨਿਵਾਸੀ ਰਿਸ਼ੀਕੇਸ਼ ਯਾਦਵ ਤੇ ਉਸਦੀ ਚਾਚੇ ਦੀ ਕੁੜੀ ਵਿਚਾਲੇ ਹੈੱਡਫੋਨ ਨੂੰ ਲੈ ਕੇ ਲੜਾਈ ਹੋਈ ਸੀ। ਗੱਲ ਮਾਰਕੁੱਟ ਤੱਕ ਪਹੁੰਚ ਗਈ ਤੇ ਇਸੇ ਦੌਰਾਨ ਇਸ ਮੁਲਜ਼ਮ ਨੇ ਕਿਸੇ ਤਿੱਖੇ ਹਥਿਆਰ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ।

ਹਾਲਾਂਕਿ ਪੁਲਿਸ ਨੇ ਇਸ ਘਟਨਾ ਵਿੱਚ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਨੌਜਵਾਨ ਤੋਂ ਹੋਰ ਪੁੱਛਗਿਛ ਵੀ ਜਾਰੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੈੱਡਫੋਨ ਤੋਂ ਇਲ਼ਾਵਾ ਹੋਰ ਕੀ ਕਾਰਨ ਹਨ, ਜਿਨ੍ਹਾਂ ਦੇ ਕਾਰਨ ਇਸ ਨੌਜਵਾਨ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।

ਨੌਜਵਾਨਾਂ ਵਿਚ ਅਸਹਿਣਸ਼ੀਲਤਾ ਦੀਆਂ ਇਹ ਘਟਨਾਵਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਰਿਸ਼ਤਿਆਂ ਦੇ ਇਸ ਤਰ੍ਹਾਂ ਹੁੰਦੇ ਘਾਣ ਲਈ ਸਮਾਜ ਦਾ ਉਹ ਬਦਲਾਅ ਜਿਆਦਾ ਜਿੰਮੇਦਾਰ ਹੈ, ਜਿਥੇ ਅਸੀਂ ਰਿਸ਼ਤਿਆਂ ਵਿਚ ਚੀਜਾਂ ਪਿੱਛੇ ਨਾਸਮਝੀ ਦਾ ਪ੍ਰਗਟਾਵਾ ਕਰਦੇ ਹੋਏ ਇਕ ਦੂਜੇ ਦੀ ਕਦਰ ਭੁੱਲਦੇ ਜਾ ਰਹੇ ਹਾਂ।ਸੱਭਿਅਕ ਸਮਾਜ ਇਹੋ ਜਿਹੀਆਂ ਘਟਨਾਵਾਂ ਨੂੰ ਕੋਈ ਥਾਂ ਨਹੀਂ ਦਿੰਦਾ।