Punjab

ਵਡਾਲਾ ਦੀ ਸਿੱਖ ਕੌਮ ਨੂੰ ਆਪਣਾ ਇਤਿਹਾਸ ਬਚਾਉਣ ਦੀ ਦੁਹਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਮੌਕੇ ‘ਤੇ ਦਲੇਰੀ ਦਾ ਸਬੂਤ ਦਿੰਦਿਆਂ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸ਼੍ਰੋਮਣੀ ਕਮੇਟੀ ਅਤੇ ਭੂਰੀ ਵਾਲਿਆਂ ਦੇ ਸੇਵਾਦਾਰਾਂ ਅੱਗੇ ਅੜ੍ਹ ਗਏ। ਭਾਈ ਵਡਾਲਾ ਨੇ ਕਿਹਾ ਕਿ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਨੂੰ ਨਾਲ ਲੈ ਕੇ ਅੱਜ ਫਿਰ ਤੋਂ ਢਹਿ-ਢੇਰੀ ਕੀਤੇ ਲੰਗਰ ਸਥਾਨ ਵਾਲੀ ਜਗ੍ਹਾ ‘ਤੇ ਜੇਸੀਬੀ ਨਾਲ ਖੁਦਾਈ ਸ਼ੁਰੀ ਕੀਤੀ ਗਈ ਸੀ, ਜਿਸ ਦੌਰਾਨ ਖੁਦਾਈ ਸਮੇਂ ਜ਼ਮੀਨ ਹੇਠੋਂ ਪੁਰਾਤਨ ਇਮਾਰਤਾਂ ਦੀ ਹੋਂਦ ਦਿਖਾਈ ਦਿੱਤੀ, ਇਸਨੂੰ ਸੰਗਤ ਦੀਆਂ ਅੱਖਾਂ ਵਿੱਛ ਮਿੱਟੀ ਪਾ ਕੇ ਤਹਿਸ-ਨਹਿਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਪਰ ਸਮਾਂ ਰਹਿੰਦਿਆਂ ਸਿੱਖ ਸੰਗਤ ਦੇ ਰੋਹ ਨੂੰ ਵੇਖਦਿਆਂ ਮੌਕੇ ‘ਤੇ ਪਹੁੰਚੇ ਐੱਸਡੀਐੱਮ ਤੇ ਪੁਲਿਸ ਮੁਲਾਜ਼ਮਾਂ ਨੇ ਜੇਸੀਬੀ ਮਸ਼ੀਨਾਂ ਦਾ ਕੰਮ ਬੰਦ ਕਰਵਾ ਦਿੱਤਾ। ਵਡਾਲਾ ਨੇ ਕਿਹਾ ਕਿ ਬਾਬਾ ਕਸ਼ਮੀਰ ਸਿੰਘ ਭੂਰੀਵਾਲਾ ਪੰਥ ਦੇ ਪੁਰਾਤਨ ਇਤਿਹਾਸ ਨੂੰ ਖਤਮ ਕਰਨ ਦੀ ਕਵਾਇਦ ‘ਤੇ ਪਹਿਰਾ ਦੇ ਰਿਹਾ ਹੈ।

ਭਾਈ ਵਡਾਲਾ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਦਰਬਾਰ ਸਾਹਿਬ ਦੇ ਬਾਹਰ ਸੁੰਦਰ ਗਲਿਆਰਾ ਤਿਆਰ ਕੀਤਾ ਗਿਆ ਸੀ, ਉਸ ਸਮੇਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਅਕਾਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਇਨ੍ਹਾਂ ਪੁਰਾਤਨ ਇਮਾਰਤਾਂ, ਸੁਰੰਗਾਂ ਤੇ ਹੋਰਨਾ ਰਸਤਿਆਂ ਬਾਰੇ ਪਤਾ ਲੱਗ ਗਿਆ ਹੋਵੇ ਪਰ ਸਿੱਖ ਸੰਗਤਾਂ ਨੂੰ ਇਸ ਤੋਂ ਜਾਣੂ ਕਰਵਾਉਣ ਦੀ ਥਾਂ ਅਤੇ ਇਨ੍ਹਾਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਦੀ ਬਜਾਏ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ ‘ਤੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਬਲਬੀਰ ਸਿੰਘ ਭੂਰੀਵਾਲਿਆਂ ਨਾਲ ਮਿਲ ਕੇ ਤਹਿਸ-ਨਹਿਸ ਕਰ ਦਿੱਤਾ ਹੋਵੇ ਅਤੇ ਹੁਣ ਇਸ ਜਗ੍ਹਾ ‘ਤੇ ਰਹਿੰਦੇ ਪੁਰਾਤਨ ਇਤਿਹਾਸ ਨੂੰ ਤਹਿਸ-ਨਹਿਸ ਕਰਨ ਲਈ ਭੂਰੀ ਵਾਲਿਆਂ ਨੂੰ ਫਿਰ ਤੋਂ ਇਸ਼ਾਰਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੋਰਸ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੋਵੇ। ਭਾਈ ਵਡਾਲਾ ਨੇ ਸਿੱਖ ਸੰਗਤਾਂ ਨੂੰ ਪੁਰਾਤਨ ਅਤੇ ਇਤਿਹਾਸਕ ਵਿਰਾਸਤਾਂ, ਇਮਾਰਤਾਂ ਅਤੇ ਸੁਰੰਗਾਂ ਨੂੰ ਸੰਭਾਲਣ ਦਾ ਸੁਨੇਹਾ ਦਿੰਦਿਆਂ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਡਮੁੱਲੇ ਇਤਿਹਾਸ ਨੂੰ ਤਹਿਸ-ਨਹਿਸ ਹੋਣ ਤੋਂ ਬਚਾਉਣ ਲਈ ਲਾਮਬੰਦ ਹੋਣ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਿੱਥੇ ਸਾਨੂੰ ਸ਼ੱਕ ਦੇ ਕਟਹਿਰੇ ਵਿੱਚ ਖੜ੍ਹਾ ਕਰਨਗੀਆਂ, ਉੱਥੇ ਹੀ ਸਾਨੂੰ ਸਾਰੀ ਉਮਰ ਇਸ ਗੱਲ ਦਾ ਅਫਸੋਸ ਵੀ ਰਹੇਗਾ ਕਿ ਉਸ ਸਮੇਂ ਅਸੀਂ ਇਨ੍ਹਾਂ ਵਧੀਕੀਆਂ ਦਾ ਡੱਟ ਕੇ ਪਹਿਰਾ ਦਿੱਤਾ ਹੁੰਦਾ ਤਾਂ ਅਸੀਂ ਅੱਜ ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਇੰਝ ਵੈਸ਼ੀ ਨਾ ਹੁੰਦੇ।

ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਸ ਮੁੱਦੇ ਬਾਰੇ ਬੋਲਦਿਆਂ ਕਿਹਾ ਕਿ ਰਾਮ ਦੇ ਨਾਮ ਦੀਆਂ ਇੱਟਾਂ ਲਾਉਣੀਆਂ, ਨਾਨਕਸ਼ਾਹੀ ਇੱਟਾਂ ਪੁੱਟ ਕੇ ਸੁੱਟਣੀਆਂ, ਇਸਦਾ ਜਵਾਬ ਭੂਰੀਵਾਲਾ ਜਾਂ ਫਿਰ ਸ਼੍ਰੋਮਣੀ ਕਮੇਟੀ ਦੇਵੇਗੀ। 1984  ਤੋਂ ਬਾਅਦ ਉਸਦੇ ਸਾਰੇ ਨਿਸ਼ਾਨ ਮਿਟਾਏ ਗਏ। ਕੱਲ੍ਹ ਜਦੋਂ ਅਸੀਂ 10 ਬੰਦੇ ਉੱਥੇ ਗਏ ਤਾਂ ਉੱਥੇ ਅਸੀਂ ਵੇਖਿਆ ਕਿ ਉੱਥੇ ਬਲਡੋਜ਼ਰਾਂ ਦੇ ਨਾਲ ਧੜਾ-ਧੜ ਬੰਦੇ ਵਾੜ ਪਾਈ ਚਾਰ ਚੁਫੇਰਿਆਂ ਕੰਮ ਕਰ ਰਹੇ ਸਨ ਤੇ ਇੰਝ ਲੱਗ ਰਿਹਾ ਸੀ ਕਿ ਜਿਵੇਂ 84 ਦਾ ਹਮਲਾ ਫਿਰ ਹੋ ਗਿਆ। ਉੱਥੇ ਜਾ ਕੇ ਦਿਲ ਨੂੰ ਧੱਕਾ ਲੱਗਾ ਕਿ ਸਡਾ ਘਰ ਪੁੱਟਿਆ ਜਾ ਰਿਹਾ ਹੈ ਅਤੇ ਸੰਗਤਾਂ ਤਮਾਸ਼ਬੀਨ ਹੋ ਕੇ ਦੇਖ ਰਹੀਆਂ ਹਨ।

ਕੁੱਝ ਸੰਗਤਾਂ ਤਾਂ ਗੋਲਕਾਂ ਵਿੱਚ ਪੈਸੇ ਪਾ ਕੇ ਬਾਬਾ ਜੀ ਨੂੰ ਮੱਥਾ ਟੇਕ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਸਾਡੀ ਗੱਲ ਨੂੰ ਨਕਾਰਦਿਆਂ ਅਤੇ ਸਾਡੇ ਵਿਰੋਧ ਨੂੰ ਨਕਾਰਦਿਆਂ ਕਿਹਾ ਕਿ ਸਾਨੂੰ ਕਰਨਾ ਆਉਂਦਾ ਹੈ, ਤੁਸੀਂ ਸਾਡਾ ਕੰਮ ਨਹੀਂ ਰੋਕ ਸਕਦੇ। ਉਨ੍ਹਾਂ ਉਹ ਕਰਕੇ ਵੀ ਵਿਖਾ ਦਿੱਤਾ ਅਤੇ ਉਨ੍ਹਾਂ ਨੇ ਸਾਡੇ ਬੰਦਿਆਂ ‘ਤੇ ਹਮਲਾ ਕੀਤਾ। ਸਾਡੇ ਇੱਕ ਬਜ਼ੁਰਗ ਦੇ ਸੱਟ ਲਾਈ, ਉਨ੍ਹਾਂ ਨੂੰ ਧੱਕੇ ਮਾਰੇ, ਸਾਡੇ ਦੋ ਨੌਜਵਾਨਾਂ ਨੇ ਮਸਾਂ ਹੀ ਉਨ੍ਹਾਂ ਨੂੰ ਬਚਾਇਆ। ਪੁਲਿਸ ਨੇ ਉਨ੍ਹਾਂ ਦੇ ਰੋੜ੍ਹੇ ਖੋਹਣ ਦੀ ਬਜਾਏ ਸਾਡੀਆਂ ਦੋ ਤਲਵਾਰਾਂ ਖੋਹ ਲਈਆਂ, ਜੋ ਕਿ ਅਸੀਂ ਵਰਤੀਆਂ ਵੀ ਨਹੀਂ ਸਨ। ਅਸੀਂ ਆਪਣੀ ਹੋਂਦ ਦੀ ਗੱਲ ਕਰਾਂਗੇ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਮਾਰੂ ਕਾਰ ਸੇਵਾ ਵਾਲਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਲੱਖਾ ਸਿਧਾਣਾ ਨੇ ਵੀ ਕੀਤੀ ਅਪੀਲ

ਲੱਖਾ ਸਿਧਾਣਾ ਨੇ ਸਾਰੇ ਲੋਕਾਂ ਨੂੰ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਢਾਹੀ ਜਾ ਰਹੀ ਇਮਾਰਤ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਸ਼ਮਣ ਵੱਲੋਂ ਸਾਡੀ ਵਿਚਾਰਧਾਰਾ, ਇਮਾਰਤਾਂ, ਵਜੂਦ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਕੋਲੋਂ ਇਤਿਹਾਸ ਲੁਕਾਇਆ ਜਾ ਸਕੇ। ਸਿਧਾਣਾ ਨੇ ਕਿਹਾ ਕਿ ਮੈਂ ਦਿੱਲੀ ਹੋਣ ਕਰਕੇ ਦਰਬਾਰ ਸਾਹਿਬ ਵਿਖੇ ਨਹੀਂ ਜਾ ਸਕਦਾ ਪਰ ਤੁਸੀਂ ਜ਼ਰੂਰ ਵਿਰੋਧ ਕਰਨ ਲਈ ਪਹੁੰਚੋ।

Comments are closed.