Punjab

ਪੁਰਾਤਨ ਢਾਂਚੇ ਨੂੰ ਢਾਹੁਣ ਦੇ ਮਸਲੇ ‘ਤੇ ਸਿੱਧੇ ਹੋਏ ਵਡਾਲਾ ਤੇ SGPC

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਈ ਬਲਦੇਵ ਸਿੰਘ ਵਡਾਲਾ ਨੇ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜੇ ਚੱਲ ਰਹੀ ਜੋੜਾ ਘਰ ਦੇ ਨਿਰਮਾਣ ਦੀ ਸੇਵਾ ਦੌਰਾਨ ਖੁਦਾਈ ਕਰਦਿਆਂ ਮਿਲੀ ਸੁਰੰਗ ਨੂੰ ਢਾਹੁਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਈ ਸਵਾਲ ਕੀਤੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜਦੋਂ ਬਾਬਿਆਂ ਨੂੰ ਪੁੱਛੀਦਾ ਹੈ ਤਾਂ ਉਹ ਕਹਿੰਦੇ ਹਨ ਸਾਡਾ ਕੰਮ ਹੈ ਢਾਹੁਣਾ ਤੇ ਬਣਾਉਣਾ। ਸਾਨੂੰ ਪੁਰਾਣੀ ਵਿਰਾਸਤ ਦੇ ਨਾਲ ਕੋਈ ਮਤਲਬ ਨਹੀਂ।

ਇਸ ‘ਤੇ ਸ਼੍ਰੋਮਣੀ ਕਮੇਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਬਾਬਿਆਂ ਨੂੰ ਸਿਰਫ ਇਹ ਸੇਵਾ ਦਿੱਤੀ ਸੀ ਕਿਉਂਕਿ ਇਹ ਸੇਵਾ ਕਾਰ ਸੇਵਾ ਵਾਲੇ ਹੀ ਕਰਦੇ ਹਨ। ਇਸ ‘ਤੇ ਭਾਈ ਵਡਾਲਾ ਨੇ ਜਵਾਬ ਮੰਗਦਿਆਂ ਕਿਹਾ ਕਿ ਕਾਰ ਸੇਵਾ ਦੇ ਐਗਰੀਮੈਂਟ ਸੰਗਤ ਦੇ ਸਾਹਮਣੇ ਰੱਖੋ ਕਿ ਇਨ੍ਹਾਂ ਨੂੰ ਕਿਹੜੀ ਚੀਜ਼ ਤੋੜਨ ਲਈ ਕਿਹਾ ਸੀ ਅਤੇ ਕਿਹੜੀ ਚੀਜ਼ ਬਣਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਤੁਸੀਂ ਖੁਦਾਈ ਸਮੇਂ ਕਿਸੇ ਵੀ ਚੀਜ਼ ਦਾ ਕੋਈ ਸਰਵੇਖਣ ਨਹੀਂ ਕੀਤਾ ਕਿ ਇਸ ਵਿੱਚੋਂ ਕੀ ਨਿਕਲਿਆ ਹੈ। ਤਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇੱਥੇ ਪਹਿਲਾਂ ਬਾਜ਼ਾਰ ਸੀ, ਜਿਸ ‘ਤੇ ਹੁਣ ਖੁਦਾਈ ਕੀਤੀ ਜਾ ਰਹੀ ਹੈ।

ਵਡਾਲਾ ਨੇ ਕਿਹਾ ਕਿ ਇੱਥੇ ਖੁਦਾਈ ਦੌਰਾਨ ਜੋ ਵੀ ਕੁੱਝ ਮਿਲਿਆ ਹੈ, ਉਹ ਸਾਨੂੰ ਦਿਖਾਇਆ ਜਾਵੇ। ਕੀ ਸਰਵੇਖਣ ਕੀਤਾ ਗਿਆ, ਉਹ ਸਾਨੂੰ ਦਿਖਾਇਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਇੱਥੇ ਉਹੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅਸੀਂ ਇੱਦਾਂ ਨਹੀਂ ਦਿਖਾਉਣਾ, ਪਹਿਲਾਂ ਕੰਮ ਕਰਾਂਗੇ ਫਿਰ ਦਿਖਾਵਾਂਗੇ।

ਜਦੋਂ ਇਹ ਸਵਾਲ-ਜਵਾਬ ਚੱਲ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਵੀਡੀਓ ਰਿਕਾਰਡ ਕਰ ਰਹੇ ਕੈਮਰੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ‘ਤੇ ਵਡਾਲਾ ਨੇ ਕਿਹਾ ਕਿ ਤੁਸੀਂ ਸਾਡੇ ਲਈ ਜੋ ਟਾਸਕ ਫੋਰਸ ਰੱਖੀ ਹੋਈ ਹੈ, ਉਸਦਾ ਹਮਲਾ ਵੀ ਕਰਵਾ ਲਉ, ਜੇ ਕਰਵਾਉਣਾ ਹੈ।

ਇਹ ਸਭ ਸਵਾਲ-ਜਵਾਬ ਕਰਕੇ ਭਾਈ ਵਡਾਲਾ ਆਪਣੇ ਸਾਥੀਆਂ ਸਮੇਤ ਸ਼ਾਂਤੀਪੂਰਨ ਤਰੀਕੇ ਨਾਲ ਜ਼ਮੀਨ ‘ਤੇ ਬੈਠ ਗਏ ਅਤੇ ਸੁਰੰਗ ਦਿਖਾਉਣ ਦੀ ਮੰਗ ਕੀਤੀ। ਭਾਈ ਵਡਾਲਾ ਨੇ ਪੁਲਿਸ ਨੂੰ ਕਹਿ ਕੇ ਕੰਮ ਬੰਦ ਕਰਵਾਇਆ। ਹਾਲਾਂਕਿ, ਸ਼੍ਰੋਮਣੀ ਕਮੇਟੀ ਨੇ ਇਸਦਾ ਵਿਰੋਧ ਕੀਤਾ ਪਰ ਫਿਲਹਾਲ ਦੀ ਘੜੀ ਕੰਮ ਰੋਕਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਫਿਰ ਭਾਈ ਵਡਾਲਾ ਨੂੰ ਕਿਹਾ ਕਿ ਤੁਸੀਂ ਸਾਹਮਣੇ ਮੰਜਾ ਡਾਹ ਲਉ ਅਤੇ ਵੇਖੀ ਜਾਉ ਕਿ ਕੀ ਖੁਦਾਈ ਹੋ ਰਹੀ ਹੈ ਅਤੇ ਕੀ ਨਿਕਲ ਰਿਹਾ ਹੈ। ਵਡਾਲਾ ਨੇ ਕਿਹਾ ਕਿ ਤੁਸੀਂ ਪਹਿਲਾਂ ਇਹ ਸੁਝਾਅ ਕਿਉਂ ਨਹੀਂ ਦਿੱਤਾ। ਵਡਾਲਾ ਨੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ, ਪ੍ਰਧਾਨ ਨਾਲ ਗੱਲਬਾਤ ਕਰਵਾਉਣ ਦੀ ਮੰਗ ਕੀਤੀ।