Punjab

ਮੁਹਾਲੀ ‘ਚ ਕਰੋਨਾ ਪਾਬੰਦੀਆਂ ‘ਤੇ ਮਿਲੀ ਢਿੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਵੀ ਕਰੋਨਾ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਾਤ ਦਾ ਕਰਫਿਊ ਜਾਂ ਐਤਵਾਰ ਦਾ ਕਰਫਿਊ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।

ਪਰ ਇਸ ਦੌਰਾਨ ਕੁੱਝ ਪਾਬੰਦੀਆਂ ਹਾਲੇ ਵੀ ਜਾਰੀ ਰਹਿਣਗੀਆਂ, ਜੋ ਹੇਠਾਂ ਲਿਖੀਆਂ ਹਨ :

  • ਕਿਸੇ ਵੀ ਇਕੱਠ ਦੌਰਾਨ ਲੋਕਾਂ ਦੀ ਗਿਣਤੀ ਇਨਡੋਰ ਲਈ 100 ਅਤੇ ਆਊਟਡੋਰ ਲਈ 200 ਹੋਣੀ ਚਾਹੀਦੀ ਹੈ।
  • ਸਾਰੇ ਸਕੂਲ ਬੰਦ ਰਹਿਣਗੇ।
  • ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿਖਲਾਈ ਵਾਲੇ ਸਾਰੇ ਹੋਰ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਸ਼ਰਤ ਹੋਵੇਗੀ ਕਿ ਅਦਾਰਾ ਖੋਲ੍ਹਣ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਸਾਰੇ ਅਧਿਆਪਕ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਘੱਟੋ-ਘੱਟ ਇੱਕ ਖੁਰਾਕ ਦੇਣ ਸਬੰਧੀ ਪ੍ਰਮਾਣ ਪੱਤਰ ਜਮ੍ਹਾ ਕਰਵਾਇਆ ਜਾਵੇ। ਇਹ ਸਰਟੀਫਿਕੇਟ ਸਬੰਧਤ ਐੱਸਡੀਐੱਮ / ਏਡੀਸੀ / ਡੀਸੀ ਦਫਤਰ ਵਿੱਚ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ।
  • ਸਾਰੇ ਬਾਰ, ਸਿਨੇਮਾ-ਹਾਲ, ਰੈਸਟੋਰੈਂਟ, ਸਪਾ, ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ ਪਰ ਸ਼ਰਤ ਹੋਵੇਗੀ ਕਿ ਸਟਾਫ਼ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਦਰਸ਼ਕਾਂ ਨੇ ਟੀਕਾਕਰਣ ਦੀ ਘੱਟੋ-ਘੱਟ ਇੱਕ ਖੁਰਾਕ ਜ਼ਰੂਰ ਲਈ ਹੋਵੇ।
  • ਤੈਰਾਕੀ, ਖੇਡਾਂ ਅਤੇ ਜਿੰਮ ਸਹੂਲਤਾਂ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਉਪਭੋਗਤਾ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲਈ ਜ਼ਰੂਰੀ ਹੋਵੇਗੀ।
  • ਇਹ ਹੁਕਮ ਮੌਜੂਦਾ ਸਮੇਂ ਕਾਰਜਸ਼ੀਲ ਕੰਟੇਨਮੈਂਟ ਜੋਨਾਂ ‘ਤੇ ਲਾਗੂ ਨਹੀਂ ਹੋਣਗੇ, ਜਿੱਥੇ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਵਿਅਕਤੀਆਂ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ।
  • ਕੋਈ ਵੀ ਉਲੰਘਣਾ ਕਰਨ ‘ਤੇ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ ਨਿਯਮ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।