‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਸਵਾਲ ਅਤੇ ਅਪੀਲ ਦਾ ਜਵਾਬ ਦਿੰਦਿਆਂ ਕਿਹਾ ਕਿ ‘ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੇਰੀ ਸੋਚ ਅਤੇ ਕੰਮ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ। ਇਹ ਚਾਹੇ 2017 ਤੋਂ ਪਹਿਲਾਂ ਬੇਅਦਬੀ, ਨਸ਼ਾ, ਕਿਸਾਨੀ, ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਅੱਗੇ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ ਜਦ ਮੈਂ ‘ਪੰਜਾਬ ਮਾਡਲ’ ਦੇ ਰਿਹਾ ਹਾਂ। ਉਨ੍ਹਾਂ ਨੂੰ ਪਤਾ ਹੈ ਕਿ ਅਸਲ ‘ਚ ਪੰਜਾਬ ਲਈ ਕੌਣ ਲੜ ਰਿਹਾ ਹੈ’।
ਦਰਅਸਲ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਕੈਪਟਨ ਨੇ ਆਪਣੇ ਮੈਨੀਫੈਸਟੋ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਨ੍ਹਾਂ ਐਗਰੀਮੈਂਟਾਂ ਨੂੰ ਉਹ ਰਿਵਿਊ ਕਰਨਗੇ ਅਤੇ ਇਨ੍ਹਾਂ ਨੂੰ ਰੱਦ ਕਰਨਗੇ, ਕਿਉਂਕਿ ਅਕਾਲੀ ਦਲ ਬਹੁਤ ਗਲਤ ਸਮਝੌਤੇ ਕਰ ਗਈ ਹੈ। ਲੋਕ ਹੈਰਾਨ ਹੋਏ ਜਦੋਂ ਕੈਪਟਨ ਨੇ ਇਸ ਮੁੱਦੇ ਬਾਰੇ ਕੁੱਝ ਨਹੀਂ ਕਿਹਾ। ਪ੍ਰਾਈਵੇਟ ਕੰਪਨੀਆਂ ਦੇ ਤਿੰਨੇ ਥਰਮਲ ਪਲਾਂਟ ਕਿੰਨਾ-ਕਿੰਨਾ ਫੰਡ ਕੈਪਟਨ ਸਰਕਾਰ ਨੂੰ ਦੇ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਸਮਝੌਤੇ ਰੱਦ ਨਹੀਂ ਹੋ ਸਕਦੇ। ਕਰੋੜਾਂ ਰੁਪਏ ਇਨ੍ਹਾਂ ਕੰਪਨੀਆਂ ਤੋਂ ਕਾਂਗਰਸ ਨੇ ਲਏ ਹਨ।
ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਇਸ ਮੁੱਦੇ ‘ਤੇ ਵੀ ਹੁਣ ਇੱਕ ਟਵੀਟ ਹੋ ਜਾਵੇ। ਸਿੱਧੂ ਰੋਜ਼ ਬਿਜਲੀ ਸੰਕਟ ‘ਤੇ ਟਵੀਟ ਕਰਦੇ ਹਨ, ਹੁਣ ਇੱਕ ਟਵੀਟ ਲਾਰਸਨ ਐਂਡ ਟੁਰਬੋ ਕੰਪਨੀ ਬਾਰੇ ਵੀ ਬਣਦਾ ਹੈ। ਸਿੱਧੂ ਇਹ ਹਿਸਾਬ ਵੀ ਮੰਗਣ।