India Punjab

ਦੋ ਕਿਸਾਨਾਂ ਦੀ ਜ਼ਮਾਨਤ, ਹੁਣ ਨਹੀਂ ਰਹੇਗਾ ਜੇਲ੍ਹ ‘ਚ ਕੋਈ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਗ੍ਰਿਫਤਾਰ ਹੋਏ ਦੋ ਹੋਰ ਕਿਸਾਨਾਂ ਗੁਰਜੋਤ ਸਿੰਘ ਤੇ ਬੂਟਾ ਸਿੰਘ ਦੀ ਜ਼ਮਾਨਤ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਦੇ ਸਦਕਾ ਇਨ੍ਹਾਂ ਕਿਸਾਨਾਂ ਦੀ ਜ਼ਮਾਨਤ ਹੋ ਸਕੀ ਹੈ। ਇਸਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਦਿੱਤੀ। ਸਿਰਸਾ ਨੇ ਕਿਹਾ ਕਿ 26 ਜਨਵਰੀ ਨੂੰ ਗ੍ਰਿਫਤਾਰ ਹੋਏ ਕਿਸਾਨਾਂ ਵਿੱਚੋਂ ਇਹ ਆਖਰੀ ਦੋ ਕਿਸਾਨ ਬਚੇ ਸਨ, ਜਿਨ੍ਹਾਂ ਦੀ ਜ਼ਮਾਨਤ ਰਹਿੰਦੀ ਸੀ ਅਤੇ ਹੁਣ ਕਿਸਾਨੀ ਸੰਘਰਸ਼ ਨਾਲ ਜੁੜੇ ਸਾਰੇ ਗ੍ਰਿਫਤਾਰ ਹੋਏ ਕਿਸਾਨਾਂ ਦੀ ਜ਼ਮਾਨਤ ਹੋ ਗਈ ਹੈ।

ਸਿਰਸਾ ਨੇ ਦੱਸਿਆ ਕਿ ਲਾਲ ਕਿਲ੍ਹੇ ‘ਤੇ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਐੱਫਆਈਆਰ ਨੰਬਰ 98/2021 ਦੇ ਤਹਿਤ ਗੁਰਜੋਤ ਸਿੰਘ ਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਦੀ ਜ਼ਮਾਨਤ ਅੱਜ ਤੀਸ ਹਜ਼ਾਰੀ ਅਦਾਲਤ ਵੱਲੋਂ ਪ੍ਰਵਾਨ ਕਰ ਲਈ ਗਈ। ਦੋਹਾਂ ਨੂੰ 50 ਹਜ਼ਾਰ ਦਾ ਬਾਂਡ ਭਰਨ ਵਾਸਤੇ ਕਿਹਾ ਗਿਆ ਹੈ। ਸਿਰਸਾ ਨੇ ਕਿਹਾ ਕਿ ਕਮੇਟੀ ਦੇ ਲੀਗਲ ਪੈਨਲ ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਗ੍ਰਿਫਤਾਰ ਹੋਏ 170 ਕਿਸਾਨਾਂ ਦੀਆਂ ਰੈਗੂਲਰ ਜ਼ਮਾਨਤਾਂ ਕਰਵਾਉਣ ਵਿੱਚ ਕਮੇਟੀ ਦੀ ਲੀਗਲ ਟੀਮ ਕਾਮਯਾਬ ਹੋਈ ਹੈ ਜਦਕਿ 110 ਹੋਰ ਕਿਸਾਨਾਂ ਦੀਆਂ ਅਗਾਊਂ ਜ਼ਮਾਨਤਾਂ ਕਰਵਾਈਆਂ ਗਈਆਂ ਹਨ।

ਉਹਨਾਂ ਕਿਹਾ ਕਿ ਹੁਣ ਕਿਸਾਨੀ ਸੰਘਰਸ਼ ਵਿੱਚ ਗ੍ਰਿਫਤਾਰ ਕੀਤਾ ਇੱਕ ਵੀ ਕਿਸਾਨ ਤਿਹਾੜ ਜੇਲ੍ਹ ਜਾਂ ਕਿਸੇ ਵੀ ਹੋਰ ਜੇਲ੍ਹ ਵਿੱਚ ਬੰਦ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸਿੱਖ ਸੰਗਤ ਵੱਲੋਂ ਬਖਸ਼ਿਸ਼ ਕੀਤੀ ਸੇਵਾ ਦੀ ਬਦੌਲਤ ਹੈ ਕਿ ਅਸੀਂ ਕਿਸਾਨੀ ਸੰਘਰਸ਼ ਵਾਸਤੇ ਯੋਗਦਾਨ ਪਾ ਸਕੇ ਹਾਂ ਅਤੇ ਅੱਗੇ ਵੀ ਪਾਉਂਦੇ ਰਹਾਂਗੇ। ਉਹਨਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਅਸੀਂ ਡੱਟ ਕੇ ਖੜ੍ਹੇ ਹਾਂ ਅਤੇ ਰਹਾਂਗੇ, ਜਿੱਥੇ ਕਿਤੇ ਵੀ ਸਾਡੀ ਜੋ ਵੀ ਜ਼ਰੂਰਤ ਪਵੇਗੀ, ਉਸ ਨੂੰ ਪੂਰਾ ਕਰਨ ਵਾਸਤੇ ਪੂਰੀ ਵਾਹ ਲਗਾ ਦੇਵਾਂਗੇ।