‘ਦ ਖ਼ਾਲਸ ਬਿਊਰੋ :- ਭਲਾ ਤੁਸੀਂ ਹੀ ਦੱਸੋ ਕੀ ਹੱਥ ਅੱਡਣ ਵਾਲਾ ਤੋੜ-ਵਿਛੋੜਾ ਕਰ ਸਕਦੈ ‘ਦਾਤੇ ਨਾਲ’। ਪੰਜਾਬ ਸਰਕਾਰ ‘ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤੇ ਰੱਦ ਕਰਨ ਦਾ ਦਬਾਅ ਤਾਂ ਪਾਇਆ ਜਾ ਰਿਹਾ ਹੈ ਪਰ ਕਰੋੜਾਂ ਦਾ ਚੰਦਾ ਲੈਣ ਵਾਲੀ ਪਾਰਟੀ ਸਮਝੌਤੇ ਤੋੜੇ ਤਾਂ ਕਿਵੇਂ ? ਮੀਡੀਆ ਦੇ ਇੱਕ ਹਿੱਸੇ ਵਿੱਚ ਚੱਲ ਰਹੀਆਂ ਭਰੋਸੇਯੋਗ ਸੂਹਾਂ ਮੁਤਾਬਕ ਤਿੰਨ ਨਿੱਜੀ ਬਿਜਲੀ ਕੰਪਨੀਆਂ ਵੱਲੋਂ ਕਰੋੜਾਂ ਦਾ ਚੰਦਾ ਦਿੱਤਾ ਵੀ ਤਾਂ ਕਾਂਗਰਸ ਹਾਈਕਮਾਂਡ ਨੂੰ ਗਿਆ ਸੀ। ਵਿਰੋਧੀ ਪਾਰਟੀਆਂ ਹੋਣ ਜਾਂ ਕਾਂਗਰਸ ਦੇ ਆਪਣੇ ਵਿਧਾਇਕ, ਸਰਕਾਰ ਸਮਝੌਤੇ ਤੋੜੇ ਤਾਂ ਕਿਵੇਂ ?
ਮਿਲੀ ਜਾਣਕਾਰੀ ਮੁਤਾਬਕ ਰਾਜਪੁਰਾ ਥਰਮਲ ਪਲਾਂਟ ਚਲਾਉਣ ਵਾਲੀ ਕੰਪਨੀ ਲਾਰਸਨ ਐਂਡ ਟੁਰਬੋ ਕੰਪਨੀ ਵੱਲੋਂ ਪਾਰਟੀ ਨੂੰ ਪਹਿਲੀ ਵਾਰ ਚੈੱਕ ਨੰਬਰ 907887 ਰਾਹੀਂ ਇੱਕ ਕਰੋੜ ਦਾ ਚੰਦਾ ਦਿੱਤਾ ਗਿਆ ਸੀ। ਦੂਜੀ ਵਾਰ ਚੈੱਕ ਨੰਬਰ 016818 ਰਾਹੀਂ ਕਾਂਗਰਸ ਦੀ ਝੋਲੀ ਸਵਾ ਦੋ ਕਰੋੜ ਰੁਪਏ ਦਾ ਚੰਦਾ ਪਾਇਆ ਗਿਆ। ਤੀਜੇ ਚੈੱਕ ਰਾਹੀਂ 9000516 ਰਾਹੀਂ ਪੰਜ ਕਰੋੜ ਰੁਪਏ ਦਾ ਗੱਫਾ ਸੁੱਟਿਆ।
ਤਲਵੰਡੀ ਸਾਬੋ ਧਰਮਲ ਪਲਾਂਟ ਵੇਦਾਂਤਾ ਕੰਪਨੀ ਚਲਾ ਰਹੀ ਹੈ। ਕੰਪਨੀ ਵੱਲੋਂ ਚੈੱਕ ਨੰਬਰ 486677 ਰਾਹੀਂ ਪਹਿਲਾਂ ਇੱਕ ਕਰੋੜ ਰੁਪਏ ਦਾ ਚੰਦਾ ਦਿੱਤਾ ਗਿਆ। ਦੂਜੀ ਵਾਰ ਦੋ ਕਰੋੜ ਰੁਪਏ ਆਰਟੀਜੀਐੱਸ ਕਰ ਦਿੱਤੇ ਗਏ ਸਨ। ਵੀ.ਕੇ.ਗਰੁੱਪ ਨੇ ਕਾਂਗਰਸ ਹਾਈਕਮਾਂਡ ਨੂੰ ਚੈੱਕ ਨੰਬਰ 939574 ਰਾਹੀਂ 10 ਲੱਖ ਰੁਪਏ ਦਾ ਚੰਦਾ ਦਿੱਤਾ ਸੀ। ਇਹ ਕੰਪਨੀ ਗੋਇੰਦਵਾਲ ਥਰਮਲ ਪਲਾਂਟ ਚਲਾ ਰਹੀ ਹੈ।
ਉਂਝ ਕਿਹਾ ਜਾ ਸਕਦਾ ਹੈ ਕਿ ਕਰੇ ਕੋਈ, ਭਰੇ ਕੋਈ। ਚੰਦਾ ਲੈ ਗਈ ਕਾਂਗਰਸ ਹਾਈਕਮਾਂਡ ਤੇ ਕੁੜੱਕੀ ਵਿੱਚ ਫਸ ਗਈ ਵਿਚਾਰੀ ਮੋਤੀਆਂ ਵਾਲੀ ਸਰਕਾਰ।