‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਕਨਜ਼ਿਊਮਰ ਕਮਿਸ਼ਨ -2 ਨੇ ਚੰਡੀਗੜ੍ਹ ਪੁਲਿਸ ਨੂੰ ਫਿਟਕਾਰ ਪਾਉਂਦਿਆਂ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਹੈ। ਮਾਡਲ ਜੇਲ੍ਹ ਬੁੜੈਲ ਦੀ ਪੁਲਿਸ ਵੱਲੋਂ ਕਮਿਸ਼ਨ ਮੂਹਰੇ ਮਾਸਕ ਲਾਏ ਬਗੈਰ ਇੱਕ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਤਾਂ ਕਮਿਸ਼ਨ ਨੇ ਤਕੜੀ ਲਾਹ-ਪਾਹ ਕੀਤੀ। ਕਮਿਸ਼ਨ ਨੇ ਚੰਡੀਗੜ੍ਹ ਪੁਲਿਸ ਨੂੰ ਕਿਹਾ ਕਿ ਅੱਗੇ ਤੋਂ ਕਿਸੇ ਵੀ ਮੁਲਾਜ਼ਮ ਨੂੰ ਬਗੈਰ ਮਾਸਕ ਪੇਸ਼ ਨਾ ਕੀਤਾ ਜਾਵੇ, ਜੇ ਪੁਲਿਸ ਕੋਲ ਮਾਸਕ ਖਰੀਦਣ ਲਈ ਪੈਸੇ ਨਹੀਂ, ਤਾਂ ਕਮਿਸ਼ਨ ਪੰਜ ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਲਈ ਤਿਆਰ ਹੈ। ਉਨ੍ਹਾਂ ਨਾਲ ਹੀ ਪੁਲਿਸ ਨੂੰ ਆਪਣਾ ਖਾਤਾ ਨੰਬਰ ਅਤੇ ਐੱਫਸੀਆਈ ਕੋਡ ਦੇ ਕੇ ਜਾਣ ਦੀ ਤਾਗੀਦ ਕੀਤੀ। ਕਮਿਸ਼ਨ ਦਾ ਕਹਿਣਾ ਸੀ ਕਿ ਲੋਕ ਭਲਾਈ ਦੇ ਕੰਮਾਂ ਲਈ ਉਸ ਕੋਲ ਮਾਇਆ ਦੀ ਕਮੀ ਨਹੀਂ ਹੈ ਸਗੋਂ ਖਜ਼ਾਨੇ ਭਰਪੂਰ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਜਨਤਕ ਥਾਂਵਾਂ ‘ਤੇ ਮਾਸਕ ਲਾਏ ਬਿਨਾਂ ਜਾਣ ਦੀ ਮਨਾਹੀ ਕੀਤੀ ਗਈ ਹੈ। ਸੜਕਾਂ ‘ਤੇ ਬਗੈਰ ਮਾਸਕ ਪਾਏ ਬਾਹਰ ਨਿਕਲਣ ਵਾਲੇ ਲੋਕਾਂ ਦਾ “ਆਣ ਮਿਲੋ ਸੱਜਣਾਂ” ਨਾਲ ਸਵਾਗਤ ਕਰਨ ਵਾਲੀ ਪੁਲਿਸ ਅਦਾਲਤ ਵਿੱਚ ਅੱਜ ਆਪ ਪਾਣੀ-ਪਾਣੀ ਹੋ ਗਈ।