‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਕੇਸ ਬੇਸ਼ੱਕ ਦੇਸ਼ ਵਿੱਚ ਘਟ ਗਏ ਹਨ, ਪਰ ਲੋਕਾਂ ਦੀ ਲਾਪਰਵਾਹੀ ਕੋਈ ਨਵਾਂ ਚੰਦ ਚਾੜ੍ਹਨ ਦੀ ਤਿਆਰੀ ਕਰ ਰਹੀ ਹੈ।ਜਾਣਕਾਰੀ ਅਨੁਸਾਰ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਮੰਤਰੀ ਮੰਡਲ ਦੀ ਬੈਠਕ ਵਿੱਚ ਵੀ ਇਸ ਬਾਰੇ ਜ਼ਿਕਰ ਕਰਦਿਆਂ ਚਿੰਤਾ ਦਾ ਇਜ਼ਹਾਰ ਕੀਤਾ ਹੈ।ਸੋਸ਼ਲ ਮੀਡੀਆ ਉੱਤੇ ਪਹਾੜੀ ਖੇਤਰਾਂ ਵਿੱਚ ਘੁੰਮਦੇ ਸੈਲਾਨੀ ਭੀੜ ਵਾਲੀਆਂ ਥਾਵਾਂ ਉੱਤੇ ਬਿਨਾਂ ਮਾਸਕ, ਸਮਾਜਿਕ ਦੂਰੀਆਂ ਦੀ ਉਲੰਘਣਾ ਕਰਦੇ ਦੇਖੇ ਜਾ ਰਹੇ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਇਹ ਤਸਵੀਰਾਂ ਡਰਾਉਣੀਆਂ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਯੋਧੇ ਕੋਰੋਨਾ ਮਹਾਂਮਾਰੀ ਦੀ ਲੜਾਈ ਲੜ ਰਹੇ ਹਨ, ਤੇ ਇਸ ਦੌਰਾਨ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।ਉਨ੍ਹਾਂ ਕਿਹਾ ਕਿ ਇਸ ਨਾਲ ਕੋਰੋਨਾ ਵਿਰੁੱਧ ਲੜਾਈ ਕਮਜ਼ੋਰ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੀ, ਸਾਨੂੰ ਹਰ ਸੰਭਵ ਸਾਵਧਾਨੀ ਵਰਤਣੀ ਚਾਹੀਦੀ ਹੈ।ਪ੍ਰਧਾਨਮੰਤਰੀ ਨੇ ਮਹਾਰਾਸ਼ਟਰ ਅਤੇ ਕੇਰਲ ਤੋਂ ਲਗਾਤਾਰ ਕੋਰੋਨਾ ਦੇ ਮਾਮਲੇ ਆਉਣ ‘ਤੇ ਵੀ ਚਿੰਤਾ ਜਾਹਿਰ ਕੀਤੀ ਹੈ।