Punjab

ਤੈਂ ਕੀ ਦਰਦੁ ਨਾ ਆਇਆ-ਕੱਚੇ ਅਧਿਆਪਕਾਂ ‘ਤੇ ਸਿਖਰ ਦੁਪਹਿਰੇ ਤਸ਼ੱਦਦ ਦੀ ਸਿਖਰ, ਦੇਖੋ ਤਸਵੀਰਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਿਛਲੇ 21 ਦਿਨਾਂ ਤੋਂ ਮੁਹਾਲੀ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਛੱਤ ‘ਤੇ ਆਪਣੀਆਂ ਮੰਗਾਂ ਲਈ ਰੋਸ ਧਰਨਾ ਦੇ ਰਹੇ ਕੱਚੇ ਅਧਿਆਪਕਾਂ ਨੂੰ ਕੈਪਟਨ ਦਾ ਘੇਰਾਓ ਕਰਨ ਦਾ ਮਾਰਚ ਮਹਿੰਗਾ ਪੈ ਗਿਆ।

ਮੁਹਾਲੀ ਦੇ 7 ਫੇਜ ਤੋਂ ਚੰਡੀਗੜ੍ਹ ਕੂਚ ਕਰ ਰਹੇ ਅਧਿਆਪਕਾਂ ਨਾਲ ਪੰਜਾਬ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਚੰਗੀ ਖਿੱਚਧੂਹ ਕੀਤੀ ਗਈ। ਆਪਣੀਆਂ ਮੰਗਾਂ ਅਤੇ ਸਰਕਾਰ ਨਾਲ ਮੰਗਲਵਾਰ ਦੀ ਮੀਟਿੰਗ ਕੈਂਸਲ ਹੋਣ ਤੋਂ ਬਾਅਦ ਵਿੰਢੇ ਗਏ ਇਸ ਅੰਦੋਲਨ ਮਾਰਚ ਨੂੰ ਚੰਡੀਗੜ੍ਹ ਮੁਹਾਲੀ ਦੇ ਬਾਰਡਰ ‘ਤੇ ਹੀ ਡੱਕ ਲਿਆ ਗਿਆ। ਇਸ ਮੌਕੇ ਕੱਚੇ ਅਧਿਆਪਕਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦਿਆਂ ਕੈਪਟਨ ਸਰਕਾਰ ਨੂੰ ਵੋਟਾਂ ਵੇਲੇ ਕੀਤੇ ਪੰਜਾਬ ਦੇ ਅਧਿਆਪਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਗਏ।

ਕਰੀਬ 5 ਹਜ਼ਾਰ ਤੋਂ ਵੀ ਵੱਧ ਸੰਖਿਆਂ ਵਿਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਇਸ ਪ੍ਰਦਰਸ਼ਨ ਵਿਚ ਪਹੁੰਚੇ ਅਧਿਆਪਕਾਂ ਨਾਲ ਪੁਲਿਸ ਦੀ ਕਈ ਵਾਰ ਝੜਪ ਹੋਈ। ਅਧਿਆਪਕਾਂ ਨੇ ਅੱਧੀ-ਅੱਧੀ ਸੰਖਿਆਂ ਵਿਚ ਪੁਲਿਸ ਦੇ ਬੈਰੀਕੇਡਸ ਤੋੜ ਕੇ ਅੱਗੇ ਲੰਘਣਾ ਪਿਆ। ਚੰਡੀਗੜ੍ਹ ਬਾਰਡਰ ‘ਤੇ ਪਹੁੰਚਣ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਹਟਾਉਣ ਲਈ ਵਾਟਰ ਕੈਨਨ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਦੀ ਹਾਲਤ ਵੀ ਬਿਗੜ ਗਈ।

ਪੁਲਿਸ ਵੱਲੋਂ ਲਗਾਤਾਰ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਨਾਲ ਕਈ ਅਧਿਆਪਕ ਤੇ ਮਹਿਲਾ ਟੀਚਰ ਬੇਹੋਸ਼ ਵੀ ਹੋਏ। ਇਸ ਦੌਰਾਨ ਐਂਬੂਲੈਂਸ ਦਾ ਪ੍ਰਬੰਧ ਵੀ ਟੀਚਰਾਂ ਵਲੋਂ ਆਪ ਹੀ ਕੀਤਾ ਗਿਆ। ਕਈ ਅਧਿਆਪਕ ਜਖਮੀ ਵੀ ਹੋਏ ਹਨ।

ਮਾਨਸਾ ਤੋਂ ਆਈ ਇਕ ਅਧਿਆਪਕਾ ਨੇ ‘ਦ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਮੀਟਿੰਗਾਂ ਵਿਚ ਉਲਝਾ ਕੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਕੰਮ ਲਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਵਿਚ ਹੀ 17-17 ਸਾਲ ਤੋਂ ਕੱਚੇ ਤੌਰ ‘ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪੱਕਿਆਂ ਕਰੇਗੀ, ਪਰ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਕੈਪਟਨ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਾਂਗਰਸ ਸਰਕਾਰ ਭੁੱਲ ਜਾਵੇ ਕਿ ਮੁੜ ਕੇ ਪੰਜਾਬ ਦੀ ਸੱਤਾ ਹਾਸਿਲ ਕਰ ਲਵੇਗੀ।

ਇਸ ਦੌਰਾਨ ਮੋਗਾ ਤੋਂ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਅਧਿਆਪਕਾ ਨੇ ਕਿਹਾ ਕਿ ਸਰਕਾਰ ਲਾਰੇ ਤੇ ਲਾਰਾ ਲਗਾ ਰਹੀ ਹੈ। ਸਰਕਾਰ ਦੇ ਮੰਤਰੀ ਵੀ ਮੀਟਿੰਗਾਂ ਵਿਚ ਉਨ੍ਹਾਂ ਨਾਲ ਕੋਈ ਚੰਗਾ ਵਤੀਰਾ ਨਹੀਂ ਕਰਦੇ ਹਨ। ਟਾਲਮਟੋਲ ਦੀ ਨੀਤੀ ਅਪਣਾ ਕੇ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ 6 ਤੋਂ 9 ਹਜਾਰ ਰੁਪਏ ਤਨਖਾਹ ‘ਤੇ 20-20 ਸਾਲ ਤੋਂ ਕੰਮ ਕਰ ਰਹੇ ਹਾਂ, ਪਰ ਸਰਕਾਰ ਮਹਿੰਗਾਈ ਦੇ ਦੌਰ ਨੂੰ ਦੇਖਦਿਆਂ ਵੀ ਉਨ੍ਹਾਂ ਦੇ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ।

ਟੀਚਰ ਜਥੇਬੰਦੀ ਦੀ ਇਕ ਮਹਿਲਾ ਲੀਡਰ ਨੇ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਨੂੰ ਦੇਖ ਕੇ ਅੱਤਵਾਦ ਦਾ ਦੌਰ ਚੇਤੇ ਆ ਗਿਆ ਹੈ ਤੇ ਉਨ੍ਹਾਂ ਦੋਸ਼ ਲਾਇਆ ਕਿ ਇਸ ਪੱਧਰ ਦੀ ਸਰਕਾਰ ਕਦੇ ਨਹੀਂ ਦੇਖੀ ਹੈ। ਉਨ੍ਹਾਂ ਕਿਹਾ ਪੁਲਿਸ ਵੱਲੋਂ ਮਹਿਲਾ ਟੀਚਰਾਂ ਨਾਲ ਬਦਸਲੂਕੀ ਕੀਤੀ ਗਈ ਹੈ। ਕਈਆਂ ਦੇ ਪੁਰਸ਼ ਪੁਲਿਸ ਕਰਮਚਾਰੀਆਂ ਨੇ ਕੱਪੜੇ ਤੱਕ ਪਾੜੇ ਹਨ। ‘ਦ ਖ਼ਾਲਸ ਟੀਵੀ ਨਾਲ ਇਸ ਘਟਨਾ ਨੂੰ ਸਾਂਝਾ ਕਰਦਿਆਂ ਮਹਿਲਾਂ ਟੀਚਰਾਂ ਨੇ ਕਿਹਾ ਕਿ ਪੁਲਿਸ ਨੇ ਦੋ ਮਹਿਲਾ ਟੀਚਰਾਂ ਨੂੰ ਘੜੀਸ ਕੇ ਕੁੱਟਿਆ ਹੈ ਤੇ ਉਨ੍ਹਾਂ ਨਾਲ ਬਹੁਤ ਜਿਆਦਾ ਬਦਸਲੂਕੀ ਕੀਤੀ ਹੈ।


ਉਨ੍ਹਾਂ ਕਿਹਾ ਕਿ ਸਰਕਾਰ ਝੂਠ ਤੇ ਝੂਠ ਬੋਲ ਰਹੀ ਹੈ। ਜੇ ਟੀਚਰਾਂ ਨੂੰ ਪਰੇਸ਼ਾਨ ਹੀ ਕਰਨਾ ਹੈ ਤਾਂ ਗੋਲੀ ਕਿਉਂ ਨਹੀਂ ਮਾਰ ਦਿੰਦੇ, ਜੇ ਪੱਕੇ ਨਹੀਂ ਕਰ ਸਕਦੇ ਤਾਂ ਲਿਖ ਕਿ ਰਿਲੀਵ ਕਰ ਦੇਣ ਅਸੀਂ ਘਰ ਚਲੇ ਜਾਵਾਂਗੇ, ਪਰ ਸਰਕਾਰ ਦਾ ਝੂਠ ਹੁਣ ਬਰਦਾਸ਼ਤ ਨਹੀਂ ਹੋਵੇਗਾ।

ਪ੍ਰਦਰਸ਼ਨ ਦੌਰਾਨ ਅਜਿਹੇ ਕਾਰਕੁਨ ਵੀ ਸਨ ਜੋ ਟੀਚਰ ਨਾ ਹੁੰਦਿਆਂ ਵੀ ਟੀਚਰਾਂ ਦਾ ਸਾਥ ਦੇ ਰਹੇ ਸਨ।ਚੰਡੀਗੜ੍ਹ ਬਾਰਡਰ ਤੇ ਟੀਚਰਾਂ ਨੂੰ ਰੋਕਣ ਤੋਂ ਬਾਅਦ ਟੀਚਰਾਂ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਹ ਵਾਪਸ ਨਹੀਂ ਮੁੜਨਗੇ।