‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਉਦਯੋਗਪਤੀਆਂ ਦੇ ਤੌਖ਼ਲਿਆਂ ਨੂੰ ਦੂਰ ਕਰਨ, ਜਿਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਫੈਕਟਰੀਆਂ ਅੰਦਰ ਕੋਵਿਡ-19 ਦਾ ਕੇਸ ਪਾਏ ਜਾਣ ਤੇ ਉਹਨਾਂ ਖ਼ਿਲਾਫ ਐਫ਼ਆਈਆਰ ਕੀਤੀ ਜਾਵੇਗੀ। ਪਾਰਟੀ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਅਜਿਹੇ ਸੰਕੇਤ ਦੇਣੇ ਬੰਦ ਕਰਨ, ਜਿਹੜੇ ਪੰਜਾਬ ਅੰਦਰ ਉਦਯੋਗ ਸੈਕਟਰ ਨੂੰ ਚਾਲੂ ਕਰਨ ਵਿੱਚ ਅੜਿੱਕਾ ਬਣ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਾ ਪ੍ਰਸਾਸ਼ਨਾਂ ਨੇ ਉਦਯੋਗਪਤੀਆਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਉੁਨ੍ਹਾਂ ਦੀਆਂ ਫੈਕਟਰੀਆਂ ਅੰਦਰ ਕੋਵਿਡ-19 ਦਾ ਕੋਈ ਕੇਸ ਪਾਇਆ ਜਾਂਦਾ ਹੈ ਤਾਂ ਉੁਨ੍ਹਾਂ ਖ਼ਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ। ਉੁਨ੍ਹਾਂ ਕਿਹਾ ਕਿ ਇਹੀ ਇੱਕ ਵੱਡੀ ਵਜ੍ਹਾ ਹੈ, ਜਿਸ ਕਰਕੇ ਉਦਯੋਗਪਤੀ ਆਪਣੀਆਂ ਫੈਕਟਰੀਆਂ ਦੁਬਾਰਾ ਸ਼ੁਰੂ ਕਰਨ ਦਾ ਖ਼ਤਰਾ ਨਹੀਂ ਉਠਾ ਰਹੇ ਹਨ। ਉੁਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਉਦਯੋਗਪਤੀਆਂ ਨੂੰ ਆਪਣੀਆਂ ਇਕਾਈਆਂ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ ਅਤੇ ਦੂਜੇ ਪਾਸੇ ਇਹ ਉਦਯੋਗ-ਵਿਰੋਧੀ ਫੈਸਲੇ ਲੈ ਰਹੀ ਹੈ। ਉੁਨ੍ਹਾਂ ਕਿਹਾ ਕਿ ਸਰਕਾਰ ਨੂੰ ਉਦਯੋਗਾਂ ਨੂੰ ਆਪਣੀਆਂ ਇਕਾਈਆਂ ਅੰਦਰ ਸਫ਼ਾਈ ਸੰਬੰਧੀ ਸਿਰਫ ਚੌਕਸੀ ਵਰਤਣ ਲਈ ਕਹਿਣਾ ਚਾਹੀਦਾ ਹੈ। ਪਰੰਤੂ ਜੇਕਰ ਉੁਨ੍ਹਾਂ ਦੀਆਂ ਇਕਾਈਆਂ ਅੰਦਰ ਕੋਈ ਕੋਵਿਡ ਦਾ ਕੇਸ ਹੋ ਜਾਂਦਾ ਹੈ ਤਾਂ ਇਸ ਲਈ ਉਦਯੋਗਪਤੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ।
ਡਾਕਟਰ ਚੀਮਾ ਨੇ ਕਿਹਾ ਕਿ ਜੇਕਰ ਉਦਯੋਗਪਤੀਆਂ ਨੂੰ ਮਹਾਂਮਾਰੀ ਲਈ ਜ਼ਿੰਮੇਵਾਰ ਠਹਿਰਾਉਣ ਵਾਲਾ ਮੌਜੂਦਾ ਫੈਸਲਾ ਬਦਲਿਆ ਨਾ ਗਿਆ ਤਾਂ ਇਸ ਨਾਲ ਸੂਬੇ ਅੰਦਰੋਂ ਮਜ਼ਦੂਰਾਂ ਨੇ ਪਲਾਇਣ ਕਰਨਾ ਸ਼ੁਰੂ ਕਰ ਦੇਣਾ ਹੈ। ਉੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਰਵਾਸੀ ਮਜ਼ਦੂਰਾਂ ਨੂੰ ਸੂਬੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਉੁਨ੍ਹਾਂ ਨੂੰ ਫੈਕਟਰੀਆਂ ਅੰਦਰ ਕੰਮ ਦਾ ਭਰੋਸਾ ਦਿਵਾਇਆ ਹੈ। ਪਰੰਤੂ ਸਰਕਾਰ ਹੁਣ ਖੁਦ ਹੀ ਉਦਯੋਗ ਚਾਲੂ ਹੋਣ ਦੇ ਰਾਹ ਵਿੱਚ ਅੜਿੱਕਾ ਬਣ ਰਹੀ ਹੈ ਅਤੇ ਅਜਿਹੀਆਂ ਸ਼ਰਤਾਂ ਲਾ ਰਹੀ ਹੈ, ਜਿਹੜੀਆਂ ਸੂਬੇ ਦੇ ਹਿੱਤਾਂ ਦਾ ਨੁਕਸਾਨ ਕਰ ਰਹੀਆਂ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਹੈ। ਚੰਡੀਗੜ੍ਹ ਹੈਡਕੁਆਟਰਾਂ ਤੋਂ ਵੱਖ-ਵੱਖ ਅਧਿਕਾਰੀਆਂ ਵੱਲੋਂ ਵੱਖੋ-ਵੱਖਰੇ ਬਿਆਨ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਭੰਬਲਭੂਸਾ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੀ ਵਜ੍ਹਾ ਕਰਕੇ ਜ਼ਮੀਨੀ ਪੱਧਰ ਉੱਤੇ ਇਹਨਾਂ ਨੂੰ ਲਾਗੂ ਕਰਨ ‘ਚ ਦਿੱਕਤ ਆ ਰਹੀ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸਰਕਾਰ ਕੋਲ ਕੋਈ ਨੀਤੀ ਹੀ ਨਹੀਂ ਹੈ। ਅਜਿਹੀ ਅਨਿਸ਼ਚਿਤਤਾ ਪੰਜਾਬ ਦਾ ਨੁਕਸਾਨ ਕਰੇਗੀ ਅਤੇ ਅਰਥ ਵਿਵਸਥਾ ਨੂੰ ਜਲਦੀ ਪੈਰਾਂ ਉੇਤੇ ਖੜ੍ਹਾ ਨਹੀਂ ਹੋਣ ਦੇਵੇਗੀ। ਉੁਨ੍ਹਾਂ ਕਿਹਾ ਕਿ ਦੂਜੇ ਰਾਜਾਂ ਨੇ ਉਦਯੋਗਿਕ ਕੰਮਕਾਜ ਸ਼ੁਰੂ ਕਰਨ ਲਈ ਠੋਸ ਕਦਮ ਉਠਾਏ ਹਨ। ਪੰਜਾਬ ਨੂੰ ਵੀ ਇਸ ਸੰਕਟ ਦੀ ਘੜੀ ਵਿੱਚ ਉਦਯੋਗ ਸੈਕਟਰ ਵੱਲ ਮੱਦਦ ਵਾਲਾ ਹੱਥ ਵਧਾਉਣਾ ਚਾਹੀਦਾ ਹੈ।