Punjab

ਅੱਜ ਸਰਕਾਰੀ ਬੱਸਾਂ ਚਲਾਉਣ ਵਾਲਿਆਂ ਨੂੰ ਪੈ ਰਹੀਆਂ ਹਨ ਚੂੜੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਦੇ ਖਿਲਾਫ ਸੂਬੇ ਵਿੱਚ ਅੱਜ ਪੀਆਰਟੀਸੀ, ਪੰਜਾਬ ਰੋਡਵੇਜ਼ ਅਤ ਪਨਬਸ ਦੇ ਕੰਟਰੈਕਟ ਕਾਮਿਆਂ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਚ ਠੇਕੇ ‘ਤੇ ਭਰਤੀ ਕਾਮਿਆਂ ਨੂੰ ਰੈਗੂਲਰ ਕਰਨ ਕੀ ਮੰਗ ਨੂੰ ਲੈ ਕੇ ਤਿੰਨ ਦਿਨਾ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਹੜਤਾਲ ਦੌਰਾਨ ਸੂਬੇ ਭਰ ਵਿੱਚ ਸੋਮਵਾਰ ਤੋਂ ਬੁੱਧਵਾਰ ਤੱਕ ਪਨਬਸ ਅਤੇ ਪੀਆਰਟੀਸੀ ਦੀਆਂ ਲਗਭਗ 1300 ਬੱਸਾਂ ਨਹੀਂ ਚੱਲਣਗੀਆਂ। ਸੂਬੇ ਭਰ ਵਿੱਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਤੇ ਪੀਆਰਟੀਸੀ ਦੇ 9 ਡਿਪੂਆਂ ਤੋਂ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਪੰਜਾਬ ਰੋਡਵੇਜ਼/ਪਨਬਸ ਚੰਡੀਗੜ੍ਹ ਦੇ ਕੱਚੇ ਮੁਲਾਜ਼ਮਾਂ ਵੱਲੋਂ 28 ਜੂਨ ਨੂੰ ਡਿਪੂ ਬੰਦ ਕਰਕੇ ਹੜਤਾਲ ਕੀਤੀ ਜਾਵੇਗੀ। 29 ਜੂਨ ਨੂੰ ਪਟਿਆਲਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਤੇ 30 ਜੂਨ ਨੂੰ ਵੀ ਹੜਤਾਲ ਕੀਤੀ ਜਾਵੇਗੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪਟਿਆਲਾ ਬੱਸ ਅੱਡੇ ‘ਤੇ ਜਾ ਕੇ ਸਰਕਾਰੀ ਬੱਸਾਂ ਨੂੰ ਰੋਕਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਰਸਤੇ ਵਿੱਚੋਂ ਸਰਕਾਰੀ ਬੱਸਾਂ ਰੋਕੀਆਂ ਜਾ ਰਹੀਆਂ ਹਨ। ਪਟਿਆਲਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੀ.ਆਰ.ਟੀ.ਸੀ. ਬੱਸ ਨੂੰ ਰੋਕਿਆ ਗਿਆ। ਬੱਸ ਦੇ ਕੰਡਕਟਰ ਨੂੰ ਪ੍ਰਦਰਸ਼ਨਕਾਰੀਆਂ ਨੇ ਚੂੜੀਆਂ ਫੜਾਈਆਂ ਤਾਂ ਕੰਡਕਟਰ ਨੇ ਉਨ੍ਹਾਂ ਚੂੜੀਆਂ ਨੂੰ ਬਾਹਰ ਸੁੱਟ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਕੰਡਕਟਰ ਨੂੰ ਬਾਹਰ ਆਉਣ ਲਈ ਕਿਹਾ ਪਰ ਕੰਡਕਟਰ ਬਾਹਰ ਨਹੀਂ ਆਇਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਾਡੀ ਹੜਤਾਲ ਦਾ ਨਾਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਅਤੇ ਬੱਸਾਂ ਵਿੱਚ ਲੋੜ ਤੋਂ ਵੱਧ ਸਵਾਰੀਆਂ ਬਿਠਾਈਆਂ ਜਾ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਇੱਕ ਬੱਸ ਕੰਡਕਟਰ ਨੂੰ ਚੂੜੀਆਂ ਪਾ ਕੇ ਉਸਦੇ ਸਿਰ ‘ਤੇ ਚੁੰਨੀ ਲੈ ਦਿੱਤੀ। ਦਿਲਚਸਪੀ ਵਾਲੀ ਗੱਲ ਹੈ ਕਿ ਕੰਡਕਟਰ ਖੁਦ ਹੀ ਚੂੜੀਆਂ ਪਵਾਉਣ ਲਈ ਤਿਆਰ ਹੋ ਗਿਆ।