‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਗਵਰਨਰ ਨੂੰ ਜੰਮੂ ਕਸ਼ਮੀਰ ਵਿੱਚ ਇੱਕ 18 ਸਾਲਾ ਲੜਕੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ‘ਤੇ ਚਿੱਠੀ ਲਿਖੀ ਹੈ ਅਤੇ ਇਸ ਘਟਨਾ ‘ਤੇ ਚਿੰਤਾ ਜਤਾਈ ਹੈ।
ਜਾਣਕਾਰੀ ਮੁਤਾਬਕ ਜਥੇਦਾਰ ਹਰਪ੍ਰੀਤ ਸਿੰਘ ਨੇ ਚਿੱਠੀ ਵਿੱਚ ਯੂ.ਪੀ. ਅਤੇ ਮੱਧ ਪ੍ਰਦੇਸ਼ ਦੀਆਂ ਬੀਜੇਪੀ ਸਰਕਾਰਾਂ ਦੇ ਉਸ ਵਿਵਾਦ ਭਰੇ ਲਵ-ਜੇਹਾਦ ਕਨੂੰਨ ਦੀ ਹਿਮਾਇਤ ਕੀਤੀ ਹੈ, ਜਿਸ ਦਾ ਬਹੁਤ ਸਾਰੇ ਹਲਕਿਆ ਵੱਲੋਂ ਵਿਰੋਧ ਵੀ ਹੁੰਦਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਦੇ ਲਵ ਜਿਹਾਦ ਕਾਨੂੰਨ ਨੂੰ ਸਿੱਖ ਲੜਕੀਆਂ ਦੀ ਸੁਰੱਖਿਆ ਲਈ ਜੰਮੂ ਕਸ਼ਮੀਰ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਬੀਜੇਪੀ ਨੇ ਜਥੇਦਾਰ ਦੀ ਚਿੱਠੀ ਦਾ ਸਵਾਗਤ ਕੀਤਾ ਹੈ।
ਬੀਜੇਪੀ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਇਸ ਦਾ ਸਵਾਗਤ ਕਰਦਿਆਂ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹੀ ਹੀ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖਣ, ਜਿਸ ਵਿੱਚ ਪੰਜਾਬ ਵਿੱਚ ਸਿੱਖਾਂ ਦੀ ਈਸਾਈ ਧਰਮ ‘ਚ ਤਬਦੀਲੀ ਰੋਕਣ ਲਈ ਅਜਿਹਾ ਕਨੂੰਨ ਬਣਾਇਆ ਜਾਵੇ।