Punjab

SGPC ਨੇ ਟਵਿੱਟਰ ਨੂੰ ਕਿਉਂ ਲਿਖੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਟਵਿੱਟਰ ਨੂੰ ਚਿੱਠੀ ਲਿਖੀ ਸੀ ਕਿ ਸਿੱਖਾਂ ਦੇ ਖਿਲਾਫ ਟਵਿੱਟਰ ‘ਤੇ ਬਹੁਤ ਸਾਰੀਆਂ ਨਫਰਤ ਭਰੀਆਂ ਖਬਰਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਬਾਕੀ ਧਰਮਾਂ ਵਿੱਚ ਪਾੜਾ ਪਾਇਆ ਜਾ ਰਿਹਾ ਹੈ, ਪਰ ਉਸ ਚਿੱਠੀ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਇਸਦਾ ਮਤਲਬ ਇਹ ਹੈ ਕਿ ਟਵਿੱਟਰ ਨੂੰ ਕੋਈ ਪ੍ਰਵਾਹ ਨਹੀਂ ਹੈ ਕਿ ਅਸੀਂ ਉਨ੍ਹਾਂ ਨੂੰ ਕਿਹੜੀ ਬੇਨਤੀ ਕੀਤੀ ਹੈ। ਹੁਣ ਕੇਂਦਰ ਸਰਕਾਰ ਨੇ ਵੀ ਟਵਿੱਟਰ ਤੋਂ ਕਾਨੂੰਨੀ ਸੁਰੱਖਿਆ ਚੁੱਕ ਲਈ ਹੈ ਅਤੇ ਟਵਿੱਟਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਕਰ ਸਕਦਾ ਹੈ ਅਤੇ ਪਰਚਾ ਦਰਜ ਕਰਵਾ ਸਕਦਾ ਹੈ’।

ਉਨ੍ਹਾਂ ਕਿਹਾ ਕਿ ‘ਅਸੀਂ ਵੀ ਪਰਚਾ ਦਰਜ ਕਰਵਾ ਸਕਦੇ ਹਾਂ ਪਰ ਫਿਰ ਵੀ ਅਸੀਂ ਇੱਕ ਜ਼ਿੰਮੇਵਾਰ ਸੰਸਥਾ ਹੋਣ ਦੇ ਨਾਤੇ ਅੱਜ ਦੁਬਾਰਾ ਬੇਨਤੀ ਕਰਦੇ ਹਾਂ ਕਿ ਸਾਡੀ ਅਪੀਲ ਵੱਲ ਧਿਆਨ ਦਿੱਤਾ ਜਾਵੇ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਾ ਭੜਕਾਇਆ ਜਾਵੇ। ਇਸ ਲਈ ਟਵਿੱਟਰ ‘ਤੇ ਸਿੱਖਾਂ ਖਿਲਾਫ ਪਾਈਆਂ ਜਾ ਰਹੀਆਂ ਨਫਰਤ ਭਰੀਆਂ ਖਬਰਾਂ ਬੰਦ ਕੀਤੀਆਂ ਜਾਣ। ਅਸੀਂ ਪਰਚਾ ਇਸ ਲਈ ਦਰਜ ਨਹੀਂ ਕਰਵਾ ਰਹੇ ਕਿਉਂਕਿ ਅਸੀਂ ਪ੍ਰੈੱਸ ਦੀ ਆਵਾਜ਼ ਨਹੀਂ ਦੱਬਣਾ ਚਾਹੁੰਦੇ’।