‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡਿਜ਼ਨੀ ਹਾਟ ਸਟਾਰ ਚੈਨਲ ‘ਤੇ 1984 ਸਿੱਖ ਕਤਲੇ ਆਮ ‘ਤੇ ਇੱਕ ਵੈੱਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ, ਜਿਸਦਾ ਨਾਂ ਗ੍ਰਹਿਣ ਹੈ। ਇਹ ਵੈੱਬ ਸੀਰੀਜ਼ 24 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਵੈੱਬ ਸੀਰੀਜ਼ ਵਿੱਚ ਸਿੱਖਾਂ ਪ੍ਰਤੀ ਗਲਤ ਤੱਤਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਵੈੱਬ ਸੀਰੀਜ਼ ਵਿੱਚ ਇੱਕ ਦਸਤਾਰਧਾਰੀ ਸਿੱਖ ਨੂੰ ਦੰਗ ਈ ਪੇਸ਼ ਕੀਤਾ ਗਿਆ ਹੈ। ਇਸ ਵੈੱਬ ਸੀਰੀਜ਼ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਕਤਲੇ ਆਮ ਪਿੱਛੇ ਸਿਰਫ ਇੱਕ ਸਿੱਖ ਦਾ ਹੱਥ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ‘ਤੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ‘1984 ਸਿੱਖ ਕਤਲੇ ਆਮ ‘ਤੇ ਆਧਾਰਿਤ ਇਸ ਵੈੱਬ ਸੀਰੀਜ਼ ਵਿੱਚ ਸਿੱਖ ਦੇ ਕਿਰਦਾਰ ਉੱਤੇ ਫਿਰ ਹਮਲਾ ਕੀਤਾ ਗਿਆ ਹੈ ਕਿ ਇਸ ਕਤਲੇ ਆਮ ਪਿੱਛੇ ਇੱਕ ਸਿੱਖ ਦਾ ਹੱਥ ਸੀ। ਉਨ੍ਹਾਂ ਕਿਹਾ ਕਿ SGPC ਵੱਲੋਂ ਗ੍ਰਹਿਣ ਵੈੱਬ ਸੀਰੀਜ਼ ਦੇ ਨਿਰਮਾਤਾ ਅਤੇ ਡਿਜ਼ਨੀ ਹਾਟਸਟਾਰ ਦੇ ਮੁਖੀ ਸੁਨੀਲ ਰਾਏ ਨੂੰ ਜਲਦ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਸੈਂਸਰ ਬੋਰਡ ਵਿੱਚ ਇੱਕ ਸਿੱਖ ਨੂੰ ਸ਼ਾਮਿਲ ਕਰਨ ਲਈ ਕਿਹਾ ਸੀ ਤਾਂ ਜੋ ਇਹ ਭਾਵਨਾਵਾਂ ਭਟਕਣ ਤੋਂ ਪਹਿਲਾਂ ਸਾਰੀਆਂ ਫਿਲਮਾਂ ਦੀ ਜਾਂਚ ਕੀਤੀ ਜਾਵੇ। ਇਸ ਨਾਲ ਸੈਂਸਰ ਬੋਰਡ ਵਿੱਚ ਜੋ ਵੀ ਸਿੱਖ ਸ਼ਾਮਿਲ ਹੋਵੇਗਾ, ਉਹ ਕਿਸੇ ਵੀ ਫਿਲਮ ਵਿੱਚ ਜੇਕਰ ਸਿੱਖਾਂ ਪ੍ਰਤੀ ਕੋਈ ਇਤਰਾਜ਼ਯੋਗ ਚੀਜ਼ ਆਉਂਦੀ ਹੈ, ਉਸਨੂੰ ਤੁਰੰਤ ਰੋਕਿਆ ਜਾਵੇ।