‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2022 ਚੋਣਾਂ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਕੱਲ੍ਹ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰਾਜਨੀਤੀ ਦੀ ਗੱਲ ਵੀ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਇੱਥੇ ਸਾਰਿਆਂ ਦੇ ਚਿਹਰੇ ਨੰਗੇ ਹੋ ਗਏ ਹਨ। ਅਸੀਂ ਚੰਗੇ ਲੋਕਾਂ ਨੂੰ ਇਕੱਠੇ ਕਰਾਂਗੇ। ਕੇਜਰੀਵਾਲ ਨੇ ਆਪਣੇ ਮੈਨੀਫੈਸਟੋ ਵਿੱਚ ਲਿਖੇ ਸਾਰੇ ਕੰਮ ਪੂਰੇ ਕੀਤੇ ਹਨ।
ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਹਨ। ਕੇਜਰੀਵਾਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਕਿਹਾ ਹੈ ਕਿ ‘ਪੰਜਾਬ ਬਦਲਾਉ ਚਾਹੁੰਦਾ ਹੈ। ਸਿਰਫ ਆਮ ਆਦਮੀ ਪਾਰਟੀ ਹੀ ਉਮੀਦ ਹੈ। ਕੱਲ੍ਹ ਅੰਮ੍ਰਿਤਸਰ ਵਿਖੇ ਮਿਲਦੇ ਹਾਂ।’ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਚਰਚੇ ਵੀ ਚੱਲ ਰਹੇ ਹਨ ਪਰ ਹਾਲੇ ਤੱਕ ਕੁੱਝ ਸਪੱਸ਼ਟ ਨਹੀਂ ਹੋ ਸਕਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਬਿਆਨ ਦਿੰਦਿਆਂ ਕਿਹਾ ਕਿ ਪਾਰਟੀ ਜੁਆਇਨ ਕਰਨੀ ਜਾਂ ਜੁਆਇਨ ਨਹੀਂ ਕਰਨੀ, ਕਦੋਂ ਜੁਆਇਨ ਕਰਨੀ, ਇਹ ਮੇਰੀ ਆਪਣੀ ਮਰਜ਼ੀ ਹੈ। ਮੈਂ ਵੀ ਇੱਕ ਨਾਗਰਿਕ ਹਾਂ ਅਤੇ ਹਰ ਨਾਗਰਿਕ ਦਾ ਆਪਣਾ ਅਧਿਕਾਰ ਹੁੰਦਾ ਹੈ, ਤੇ ਮੇਰਾ ਵੀ ਅਧਿਕਾਰ ਹੈ।