Punjab

ਪੰਜਾਬ ਸਰਕਾਰ ਨੇ 2 ਵਿਧਾਇਕਾਂ ਦੇ ਬੇਟਿਆਂ ਨੂੰ ਉਨ੍ਹਾਂ ਘਟਨਾਵਾਂ ਦੇ ਆਧਾਰ ‘ਤੇ ਨੌਕਰੀ ਦਿੱਤੀ, ਜਦੋਂ ਉਹ ਪੈਦਾ ਵੀ ਨਹੀਂ ਹੋਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਘਰ-ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਪਰ ਮੈਨੂੰ ਅਫਸੋਸ ਹੈ ਕਿ ਆਪਣੀ ਕੁਰਸੀ ਬਚਾਉਣ ਵਾਸਤੇ ਕੈਬਨਿਟ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਅੱਜ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੀ ਹੈ। ਇੱਕ ਵਿਧਾਇਕ ਦੇ ਬੇਟੇ ਨੂੰ ਪੁਲਿਸ ਇੰਸਪੈਕਟਰ ਅਤੇ ਇੱਕ ਵਿਧਾਇਕ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਹੈ’।

ਉਨ੍ਹਾਂ ਕਿਹਾ ਕਿ ‘ਦੋਵਾਂ ਦੀ ਨੌਕਰੀ ਦਾ ਆਧਾਰ 1987 ਵਿੱਚ ਹੋਈਆਂ ਘਟਨਾਵਾਂ ਨੂੰ ਬਣਾਇਆ ਗਿਆ ਹੈ ਪਰ ਉਸ ਵੇਲੇ ਸ਼ਾਇਦ ਇਹ ਬੱਚੇ ਪੈਦਾ ਵੀ ਨਹੀਂ ਹੋਏ ਹੋਣੇ। ਆਰਡਰਾਂ ਵਿੱਚ ਲਿਖਿਆ ਗਿਆ ਹੈ ਕਿ ਇਹ One time ਫੈਸਲਾ ਕੀਤਾ ਗਿਆ ਹੈ। ਇਹ ਨਿਯੁਕਤੀਆਂ ਨਿਯਮਾਂ ਵਿੱਚ ਆਉਂਦੀਆਂ ਹੀ ਨਹੀਂ ਹਨ। ਇਹ ਪੰਜਾਬ ਦੀ ਬੇਰੁਜ਼ਗਾਰ ਜਨਤਾ ਦੇ ਨਾਲ ਬਹੁਤ ਕੋਝਾ ਮਜ਼ਾਕ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਇੰਸਪੈਕਟਰ ਅਤੇ ਤਹਿਸੀਲਦਾਰ ਦੀਆਂ ਨੌਕਰੀਆਂ ਦਿੰਦੇ ਹੋ ਅਤੇ ਬੇਰੁਜ਼ਗਾਰ ਨੌਜਵਾਨ ਦਰ-ਦਰ ਧੱਕੇ ਖਾ ਰਹੇ ਹਨ’।