‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਵੱਲੋਂ ਖਾਦਾਂ ‘ਤੇ ਵਧਾਈ ਸਬਸਿਡੀ ਵਾਲੇ ਫੈਸਲੇ ਦੀ ਕਿਸਾਨਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਦੇਣ ਲਈ ਐੱਮਐੱਸਪੀ ਦੀ ਗਰੰਟੀ ਦਿੱਤੀ ਜਾਵੇ ਕਿਉਂਕਿ ਭਾਜਪਾ ਨੇ ਤਾਂ ਚੋਣਾਂ ਵੀ ਇਹਨਾਂ ਮੁੱਦਿਆਂ ‘ਤੇ ਲੜੀਆਂ ਅਤੇ ਜਿੱਤੀਆਂ ਸਨ।
ਭਾਰਤ ਸਰਕਾਰ ਦੀ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਦੀ ਸਮਿਤੀ ਨੇ ਕਿਹਾ ਕਿ ਖ਼ਾਦ ਦੀ ਲਾਗਤ ਦੇ ਵਾਧੇ ਦੀ ਭਰਪਾਈ ਲਈ ਸਰਕਾਰ ਨੇ ਸਬਸਿਡੀ ਦਿੱਤੀ ਹੈ। ਉਹ ਸਿਰਫ ਇੱਕ ਸੀਜ਼ਨ ਲਈ ਹੈ, ਜੋ ਖਰੀਫ-2021 ਲਈ ਲਾਗੂ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਆਗਾਮੀ ਸੀਜ਼ਨ ‘ਚ ਕਿਸਾਨਾਂ ਨੂੰ ਖਾਦਾਂ ਦੀ ਵਧੀ ਹੋਈ ਲਾਗਤ ਦੀ ਖ਼ੁਦ ਭਰਪਾਈ ਕਰਨ ਲਈ ਕਿਹਾ ਜਾ ਸਕਦਾ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਸਮੇਤ ਵੱਖ-ਵੱਖ ਖ਼ਰਚੇ ਲਗਾਤਾਰ ਵੱਧ ਰਹੇ ਹਨ, ਪਰ ਬਜ਼ਾਰ ‘ਚ ਫਸਲਾਂ ਦੀ ਪੂਰੀ ਕੀਮਤ ਨਾ ਮਿਲਣ ਕਰਕੇ ਕਿਸਾਨਾਂ ਦਾ ਸੋਸ਼ਣ ਹੋ ਰਿਹਾ ਹੈ। ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੇ ਬਿਨਾਂ ਜਾਂ ਰਮੇਸ਼ ਚੰਦ ਕਮੇਟੀ ਅਨੁਸਾਰ ਲਾਗਤ ਅਨੁਮਾਨਾਂ ‘ਚ ਸੁਧਾਰ ਕੀਤੇ ਬਿਨਾਂ ਸਰਕਾਰ ਦਾ ਘੱਟੋ-ਘੱਟ ਸਮਰਥਨ ਮੁੱਲ ਮਹਿਜ਼ ਜ਼ੁਮਲਾ ਹੈ। ਸਰਕਾਰ ਨੇ ਲੱਖਾਂ ਕਿਸਾਨਾਂ ਦੇ ਸੰਘਰਸ਼ ਦੀਆਂ ਮੰਗਾਂ ‘ਚੋਂ ਇਸ ਅਹਿਮ ਮੰਗ ਨੂੰ ਪੂਰਾ ਕਰਨ ਲਈ ਵੀ ਕੋਈ ਕਦਮ ਨਹੀਂ ਉਠਾਇਆ ਹੈ।
ਕਿਸਾਨਾਂ ਖਿਲਾਫ ਦਰਜ ਕੇਸ ਲਏ ਜਾਣ ਵਾਪਸ – ਕਿਸਾਨ
ਕਿਸਾਨ ਲੀਡਰਾਂ ਨੇ ਕਿਹਾ ਕਿ ਹਰਿਆਣਾ ਦੇ ਜੀਂਦ ਜ਼ਿਲੇ ਦੇ ਪਿੰਡ ਕੰਡੇਲਾ ਦਾ ਇੱਕ ਨੌਜਵਾਨ ਬਿਜਿੰਦਰ ਸਿੰਘ 26 ਜਨਵਰੀ ਨੂੰ ਟਰੈਕਟਰ ਪਰੇਡ ਤੋਂ ਲਾਪਤਾ ਹੈ ਅਤੇ ਪ੍ਰਸ਼ਾਸਨ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਲੱਭਣ ਲਈ ਵਾਰ-ਵਾਰ ਕੀਤੀ ਗਈ ਅਪੀਲ ਦਾ ਕੋਈ ਜਵਾਬ ਨਹੀਂ ਦੇ ਰਿਹਾ। ਝੱਜਰ ਵਿਖੇ ਭਾਜਪਾ ਦਫ਼ਤਰ ਲਈ ਨੀਂਹ ਪੱਥਰ ਰੱਖਣ ਦੇ ਵਿਰੋਧ ਵਿੱਚ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ਼ ਕੀਤੇ ਹਨ। ਇਨ੍ਹਾਂ ਨੂੰ ਤੁਰੰਤ ਬਿਨਾਂ ਸ਼ਰਤ ਵਾਪਸ ਲੈਣ ਦੀ ਲੋੜ ਹੈ।
32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ
ਸਿੰਘੂ ਕੁੰਡਲੀ ਬਾਰਡਰ ਕਜਾਰੀਆ ਦਫਤਰ ਵਿੱਚ ਅੱਜ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ ਵਿੱਚ 26 ਜੂਨ ਨੂੰ ਖੇਤੀ ਬਚਾਉ, ਲੋਕਤੰਤਰ ਬਚਾਉ ਦਿਵਸ ਮੌਕੇ ਸਾਰੇ ਭਾਰਤ ਵਿੱਚ ਗਵਰਨਰ ਹਾਊਸ ਦੇ ਸਾਹਮਣੇ ਧਰਨੇ-ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਰੋਸ ਪੱਤਰ ਦਿੱਤੇ ਜਾਣਗੇ, ਜੋ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। 26 ਜੂਨ ਨੂੰ ਸਵੇਰੇ 11 ਵਜੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਸਾਰੇ ਕਿਸਾਨ ਤੇ ਜਥੇਬੰਦੀਆਂ ਦੇ ਲੀਡਰ ਪਹੁੰਚਣਗੇ ਅਤੇ ਉੱਥੋਂ ਗਵਰਨਰ ਹਾਊਸ ਨੂੰ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਗਵਰਨਰ ਨੂੰ ਰੋਸ ਪੱਤਰ ਦਿੱਤਾ ਜਾਵੇਗਾ।
ਇਹ ਰੋਸ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਆਪਣੇ-ਆਪਣੇ ਸਾਧਨਾਂ ਰਾਹੀਂ ਗਵਰਨਰ ਹਾਊਸ ਨੂੰ ਕੂਚ ਕਰੇਗਾ। ਇਸ ਰੋਸ ਮਾਰਚ ਲਈ ਇੱਕ 5 ਮੈਂਬਰੀ ਪ੍ਰਬੰਧਕੀ ਕਮੇਟੀ ਤਿਆਰ ਕੀਤੀ ਗਈ ਹੈ। ਇਹ ਪ੍ਰਬੰਧਕੀ ਕਮੇਟੀ ਉੱਥੋਂ ਦੀ ਸਾਰੀ ਦੇਖ-ਰੇਖ ਕਰੇਗੀ। ਕਿਸਾਨ ਲੀਡਰਾਂ ਨੇ ਸਾਰੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਰੋਸ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਮੀਂਹ ਅਤੇ ਹੋਰ ਮੁਸੀਬਤਾਂ ਦੇ ਬਾਵਜੂਦ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੱਖ-ਵੱਖ ਸੂਬਿਆਂ ਤੋਂ ਕਿਸਾਨ ਮੋਰਚਿਆਂ ਵਿੱਚ ਸ਼ਾਮਿਲ ਹੋ ਰਹੇ ਹਨ।