Punjab

HC ਦੇ ਇਨਕਾਰ ਤੋਂ ਬਾਅਦ SC ਜਾਵੇਗਾ ਜੈਪਾਲ ਭੁੱਲਰ ਦਾ ਪਰਿਵਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਕਰਨ ਲਈ ਪਰਿਵਾਰ ਵੱਲੋਂ ਪਾਈ ਗਈ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪਰਿਵਾਰ ਨੇ ਹੁਣ ਸਰਬਉੱਚ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ। ਹਾਈਕੋਰਟ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਇਹ ਮਾਮਲਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਜਿੱਥੇ ਕਾਰਵਾਈ ਹੋਈ ਹੈ, ਪਰਿਵਾਰ ਉੱਥੇ ਅਪੀਲ ਕਰ ਸਕਦਾ ਹੈ। ਜੈਪਾਲ ਭੁੱਲਰ ਦੇ ਪਿਤਾ ਨੇ ਕਿਹਾ ਕਿ ਸਾਨੂੰ ਉਮੀਦ ਤਾਂ ਪੂਰੀ ਹੈ ਕਿ ਸਾਡੀ ਮੰਗ ਮੰਨੀ ਜਾਵੇਗੀ।

ਜੈਪਾਲ ਭੁੱਲਰ ਦਾ 9 ਜੂਨ ਨੂੰ ਕਲਕੱਤਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ। 12 ਜੂਨ ਨੂੰ ਜੈਪਾਲ ਦੀ ਲਾਸ਼ ਨੂੰ ਉਸਦੇ ਪਿੰਡ ਫਿਰੋਜ਼ਪੁਰ ਵਿੱਚ ਲਿਆਂਦਾ ਗਿਆ ਹੈ। ਪਰਿਵਾਰ ਵੱਲੋਂ 13 ਜੂਨ ਨੂੰ ਜੈਪਾਲ ਦਾ ਸਸਕਾਰ ਕੀਤਾ ਜਾਣਾ ਸੀ ਪਰ ਪਰਿਵਾਰ ਜਦੋਂ ਜੈਪਾਲ ਦਾ ਇਸ਼ਨਾਨ ਕਰਵਾਉਣ ਲੱਗੇ ਤਾਂ ਜੈਪਾਲ ਦੀ ਬਾਡੀ ‘ਤੇ ਕਈ ਜਗ੍ਹਾ ਫ੍ਰੈਕਚਰ ਅਤੇ ਸੱਟਾਂ ਦੇ ਨਿਸ਼ਾਨ ਸਨ। ਉਸ ਤੋਂ ਬਾਅਦ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੈਪਾਲ ਦਾ ਦੁਬਾਰਾ ਪੋਸਟ ਮਾਰਟਮ ਕਰਨ ਦੀ ਮੰਗ ਕੀਤੀ ਸੀ। ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਿਵਾਰ ਦੀ ਮੰਗ ਨੂੰ ਠੁਕਰਾ ਦਿੱਤਾ। ਉਸ ਤੋਂ ਬਾਅਦ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੈਪਾਲ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ, ਜੋ ਅੱਜ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਹੁਣ ਪਰਿਵਾਰ ਨੇ ਸਰਬਉੱਚ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ।