‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੈਪਾਲ ਭੁੱਲਰ ਦਾ ਪਰਿਵਾਰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਫਾਈਨਲ ਪਟੀਸ਼ਨ ਪਾਉਣ ਲਈ ਪਹੁੰਚ ਗਿਆ ਹੈ। ਪਰਿਵਾਰ ਨੇ ਹਾਲੇ ਤੱਕ ਜੈਪਾਲ ਭੁੱਲਰ ਦਾ ਸਸਕਾਰ ਨਹੀਂ ਕੀਤਾ। ਪਰਿਵਾਰ ਨੇ ਪੰਜਾਬ ਪੁਲਿਸ ‘ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੈਪਾਲ ਭੁੱਲਰ ਦਾ ਫੇਕ ਐਨਕਾਊਂਟਰ ਕੀਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਨੇ ਜੈਪਾਲ ਦਾ ਦੁਬਾਰਾ ਪੋਸਟ ਮਾਰਟਮ ਕਰਨ ਦੀ ਮੰਗ ਕੀਤੀ ਹੈ।
ਜੈਪਾਲ ਦੇ ਵਕੀਲ ਸਿਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਅਸੀਂ ਪਟੀਸ਼ਨ ਵਿੱਚ ਜੈਪਾਲ ਦੇ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਹੋਣਾ ਉਹੀ ਕੁੱਝ ਹੈ, ਜੋ ਪੰਜਾਬ ਪੁਲਿਸ ਨੇ ਕਹਿਣਾ ਹੈ ਪਰ ਅਸੀਂ ਮੰਗ ਕਰਦੇ ਹਾਂ ਕਿ ਜੈਪਾਲ ਭੁੱਲਰ ਦਾ ਪੋਸਟ ਮਾਰਟਮ ਦੁਬਾਰਾ ਹੋਵੇ’।
ਜੈਪਾਲ ਭੁੱਲਰ ਦੇ ਪਿਤਾ ਨੇ ਕਿਹਾ ਕਿ ‘ਜਦੋਂ ਮੈਂ ਜੈਪਾਲ ਭੁੱਲਰ ਦੀ ਲਾਸ਼ ਲੈਣ ਲਈ ਗਿਆ ਤਾਂ ਮੈਨੂੰ ਜੈਪਾਲ ਦੀ ਬਾਡੀ ਨਹੀਂ ਦਿਖਾਈ ਗਈ। ਦੋ ਦਿਨ ਖੱਜਲ ਕਰਨ ਤੋਂ ਬਾਅਦ ਪੁਲਿਸ ਨੇ ਆਪਣੀ ਕਸਟਡੀ ਵਿੱਚ ਬਾਡੀ ਪੈਕ ਕਰਕੇ ਏਅਰਪੋਰਟ ‘ਤੇ ਪਹੁੰਚਾਈ। ਅਸੀਂ ਬਾਡੀ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਰਿਸੀਵ ਕਰਕੇ ਪਿੰਡ ਲੈ ਕੇ ਆਏ। ਜਦੋਂ ਲਾਸ਼ ਦੀ ਪੈਕਿੰਗ ਖੋਲ੍ਹੀ ਤਾਂ ਸਰੀਰ ਉੱਪਰ ਟਾਰਚਰ ਦੇ ਨਿਸ਼ਾਨ ਸਾਫ ਦਿਸ ਰਹੇ ਸਨ। ਬਾਂਹ ਦੋ ਥਾਂਵਾਂ ਤੋਂ ਟੁੱਟੀ ਹੋਈ ਸੀ। ਗੋਲੀਆਂ ਦੇ ਬਹੁਤ ਨਿਸ਼ਾਨ ਸਨ ਅਤੇ ਸੱਟਾਂ ਦੇ ਨਿਸ਼ਾਨ ਵੀ ਬਹੁਤ ਸਨ’। ਉਨ੍ਹਾਂ ਕਿਹਾ ਕਿ ‘ਮੈਂ 58 ਸਾਲ ਪੁਲਿਸ ਮਹਿਕਮੇ ਵਿੱਚ ਨੌਕਰੀ ਕੀਤੀ ਹੈ, ਮੇਰਾ ਲੰਮਾ ਤਜ਼ਰਬਾ ਹੈ ਕਿ ਗੋਲੀ ਦੇ ਨਿਸ਼ਾਨ ਕੀ ਹੁੰਦੇ ਹਨ ਅਤੇ ਟਾਰਚਰ ਦੇ ਨਿਸ਼ਾਨ ਕੀ ਹੁੰਦੇ ਹਨ। ਜੈਪਾਲ ਦੀ ਬਾਡੀ ‘ਤੇ ਸਾਰੇ ਟਾਰਚਰ ਦੇ ਨਿਸ਼ਾਨ ਸਨ। ਪਹਿਲੇ ਪੋਸਟ ਮਾਰਟਮ ਦੀ ਰਿਪੋਰਟ ਵੀ ਨਹੀਂ ਦਿੱਤੀ ਗਈ’।
ਉਨ੍ਹਾਂ ਕਿਹਾ ਕਿ ‘ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਸੀ ਕਿ ਜੈਪਾਲ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ ਜਾਵੇ ਪਰ ਪੁਲਿਸ ਦਾ ਜੈਪਾਲ ਨੂੰ ਮਾਰਨ ਦਾ ਹੀ ਪਲੈਨ ਸੀ। ਮੈਂ ਜੈਪਾਲ ਨਾਲ ਫੋਨ ‘ਤੇ ਗੱਲਬਾਤ ਕਰਕੇ ਉਸਨੂੰ ਕਿਹਾ ਵੀ ਸੀ ਕਿ ਉਹ ਪੁਲਿਸ ਦੇ ਸਾਹਮਣੇ ਪੇਸ਼ ਹੋ ਜਾਵੇ ਪਰ ਜੈਪਾਲ ਨੇ ਕਿਹਾ ਕਿ ਉਹ ਪੇਸ਼ ਤਾਂ ਹੋ ਜਾਵੇ ਪਰ ਪੁਲਿਸ ਨੇ ਮੈਨੂੰ ਮਾਰ ਦੇਣਾ ਹੈ ਕਿਉਂਕਿ ਇਸ ਵਿੱਚ ਕੁੱਝ ਰਾਜਨੀਤਿਕ ਲੋਕ ਵੀ ਹਨ, ਜੋ ਨਹੀਂ ਚਾਹੁੰਦੇ ਕਿ ਮੈਂ ਜ਼ਿੰਦਾ ਰਹਾਂ। ਪੇਸ਼ ਹੋਣ ਤੋਂ ਬਾਅਦ ਉਹ ਮੈਨੂੰ ਭਗੌੜਾ ਸਾਬਿਤ ਕਰਕੇ ਮੇਰਾ ਐਨਕਾਉਂਟਰ ਕਰ ਦੇਣਗੇ’।