Punjab

ਰਵਨੀਤ ਬਿੱਟੂ ਦਾ ਬਿਆਨ, ਬਸਪਾ ਨੇ ਖੜ੍ਹਾ ਕੀਤਾ ਵਿਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਬਸਪਾ ਨੇ ਬਠਿੰਡਾ ਵਿੱਚ ਸ਼ਿਕਾਇਤ ਦਰਜ ਕਰਵਾ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ। ਬਿੱਟੂ ਨੇ ਸ਼੍ਰੀ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਲੈ ਕੇ ਕਿਹਾ ਸੀ ਕਿ ਅਕਾਲੀ ਦਲ ਨੇ ਬਸਪਾ ਨੂੰ ਪਵਿੱਤਰ ਸੀਟਾਂ ਦਿੱਤੀਆਂ ਹਨ। ਬਸਪਾ ਨੇ ਬਿੱਟੂ ‘ਤੇ ਦਲਿਤਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ਬਸਪਾ ਨੇ ਰਵਨੀਤ ਬਿੱਟੂ ਜੇ ਖਿਲਾਫ ਕਈ ਥਾਈਂ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ।

ਰਵਨੀਤ ਬਿੱਟੂ ਨੇ ਕੀ ਕਿਹਾ ਸੀ ?

ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਤੋਂ ਸਹਾਰਾ ਲੱਭਦਾ ਰਿਹਾ ਹੈ ਅਤੇ ਹੁਣ ਵੀ ਬਸਪਾ ਦਾ ਸਹਾਰਾ ਲੱਭ ਰਿਹਾ ਹੈ। ਅਕਾਲੀ ਦਲ ਨੇ ਆਪਣੇ ਜਿਹੜੇ ਲੀਡਰ ਖਤਮ ਕਰਨੇ ਸੀ, ਉਹ ਇਨ੍ਹਾਂ ਨੇ ਬਸਪਾ ਨੂੰ ਟਿਕਟਾਂ ਦੇ ਕੇ ਖਤਮ ਕਰ ਦਿੱਤੇ ਹਨ। ਪ੍ਰੇਮ ਸਿੰਘ ਚੰਦੂਮਾਜਰਾ ਦੀ ਵੀ ਸੀਟ ਖਤਮ ਕੀਤੀ ਗਈ। ਸ਼੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਰਗੀਆਂ ਸਾਰੀਆਂ ਪਵਿੱਤਰ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ। ਅਕਾਲੀ ਦਲ ਅਤੇ ਬਸਪਾ ਜੇ ਗਰੀਬ ਵਰਗ ਦੇ ਨਾਂ ‘ਤੇ ਸੀਟਾਂ ਲੈ ਲੈਣਗੇ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੈ।

ਰਵਨੀਤ ਬਿੱਟੂ ਦਾ ਸਪੱਸ਼ਟੀਕਰਨ

ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬਸਪਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੇਰੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਮੈਂ ਇਹ ਸੀਟਾਂ ਦਲਿਤਾਂ ਨੂੰ ਦੇਣ ਦੇ ਵਿਰੋਧ ਵਿੱਚ ਨਹੀਂ ਹਾਂ, ਮੈਂ ਸਿਰਫ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਪੰਥਕ ਸੀਟਾਂ ਤੋਂ ਭੱਜ ਰਿਹਾ ਹੈ। ਮੇਰੇ ਇਸ ਬਿਆਨ ਨੂੰ ਦਲਿਤਾਂ ਨਾਲ ਜੋੜਿਆ ਗਿਆ ਹੈ। ਕਾਂਗਰਸ ਨੂੰ ਵੋਟ ਤਾਂ ਸਭ ਤੋਂ ਵੱਧ ਐੱਸਸੀ ਵਰਗ ਤੋਂ ਪੈਂਦੀ ਹੈ। ਮੈਂ ਤਾਂ ਇਹ ਕਿਹਾ ਸੀ ਕਿ ਅੱਜ ਅਕਾਲੀ ਦਲ ਜੋ ਆਪਣੇ-ਆਪ ਨੂੰ ਪੰਥਕ ਕਹਿੰਦਾ ਸੀ, ਧਾਰਮਿਕ ਪਾਰਟੀ ਕਹਿੰਦਾ ਸੀ, ਅੱਜ ਉਹ ਪਾਰਟੀ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ, ਮੁਹਾਲੀ ਦੀਆਂ ਸਾਰੀਆਂ ਸੀਟਾਂ ਛੱਡ ਕੇ ਭੱਜ ਗਈ ਹੈ। ਮੇਰਾ ਕਹਿਣ ਦਾ ਭਾਵ ਸੀ ਕਿ ਅਕਾਲੀ ਦਲ ਜਿਸਨੇ ਆਪਣੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਦਿੱਤੀ ਸੀ, ਉਹ ਹੁਣ ਉਨ੍ਹਾਂ ਸੀਟਾਂ ‘ਤੇ ਕਿਹੜੇ ਮੂੰਹ ਨਾਲ ਲੜੇ।