India Punjab

ਕਿਸਾਨ ਮੋਰਚਿਆਂ ‘ਤੇ ਮਨਾਇਆ ਗਿਆ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਮੋਰਚਿਆਂ ਵਿੱਚ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਕਿਸਾਨਾਂ ਨੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈਣ ਦਾ ਪ੍ਰਣ ਕੀਤਾ। ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਕਰਦੇ ਰਹਿਣਗੇ।

ਮੋਰਚੇ ਚ ਬਣੀ ਔਰਤਾਂ ਦੀ ਜਥੇਬੰਦੀ

ਕਿਸਾਨ ਲੀਡਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਿਕਰੀ ਬਾਰਡਰ ‘ਤੇ ਬਣੀ ਔਰਤ ਸੁਰੱਖਿਆ ਜਥੇਬੰਦੀ ਦੇ ਕਨਵੀਨਰ ਡਾ. ਜਗਮਤੀ ਸੰਗਵਾਨ ਹੋਣਗੇ। ਕਮੇਟੀ ਵਿੱਚ ਹੋਰ ਮੈਂਬਰ ਸੁਦੇਸ਼ ਗੋਯਤ, ਅਮ੍ਰਿਤਾ ਕੁੰਡੂ, ਸੁਮਨ ਹੁੱਡਾ, ਸ਼ਾਰਦਾ ਦੀਕਸ਼ਿਤ ਅਤੇ ਸੁਦੇਸ਼ ਕੰਡੇਲਾ ਹੋਣਗੇ। ਔਰਤਾਂ ਫੋਨ ਨੰਬਰ 9650463835 ‘ਤੇ ਫੋਨ ਕਰਕੇ ਸ਼ਿਕਾਇਤ ਨਿਵਾਰਣ ਲਈ ਇਸ ਕਮੇਟੀ ਕੋਲ ਪਹੁੰਚ ਸਕਦੀਆਂ ਹਨ।

ਭਾਜਪਾ ਦਾ ਵਿਰੋਧ

ਕਿਸਾਨ ਲੀਡਰਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਵੱਲੋਂ ਝੱਜਰ ਵਿਖੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਦਬਾਅ ਤੋਂ ਬਚਣ ਲਈ ਸਮਾਗਮ ਦੇ ਸਮੇਂ ਤੋਂ ਪਹਿਲਾਂ ਤਿਆਰੀ ਕਰਦਿਆਂ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ।  ਹਾਲਾਂਕਿ, ਵਿਰੋਧ ਕਰ ਰਹੇ ਕਿਸਾਨ ਮੌਕੇ ‘ਤੇ ਪਹੁੰਚ ਗਏ ਅਤੇ ਉਸ ਤੋਂ ਬਾਅਦ ਰੱਖੇ ਨੀਂਹ-ਪੱਥਰ ਨੂੰ ਪੁੱਟ ਦਿੱਤਾ ਗਿਆ। ਕਿਸਾਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਸਥਾਨ ਨਵਾਂ ਵਿਰੋਧ ਸਥਾਨ ਬਣ ਜਾਵੇਗਾ, ਜਿੱਥੇ ਝੱਜਰ ਜ਼ਿਲ੍ਹੇ ਵਿੱਚ ਲੋਕ ਵਿਰੋਧੀ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣਗੇ।

ਕਿਸਾਨ ਮੋਰਚਿਆਂ ਵਿੱਚ ਵੱਧ ਰਹੀ ਕਿਸਾਨਾਂ ਦੀ ਗਿਣਤੀ

ਕਿਸਾਨੀ ਮੋਰਚਿਆਂ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਨਾਲ-ਨਾਲ ਦੂਰ-ਦੁਰਾਡੇ ਸੂਬਿਆਂ ਤੋਂ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਪਹੁੰਚ ਰਹੇ ਹਨ।

ਸਰਕਾਰ ਦੇ ਨਵੇਂ ਫੈਸਲੇ ਦਾ ਵਿਰੋਧ

ਕਿਸਾਨ ਲੀਡਰਾਂ ਨੇ ਕੇਂਦਰ ਸਰਕਾਰ ਦੀ ਖੇਤੀਬਾੜੀ ਖੇਤਰ ‘ਚ ਬਿਜਲੀ ਸਬਸਿਡੀਆਂ ਖਤਮ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀ ਸਬਸਿਡੀ ਦੇ ਖ਼ਾਤਮੇ ਲਈ ਨਵਾਂ ਤਾਣਾ ਬੁਣਿਆ ਗਿਆ ਹੈ। ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ-2020 ਦਾ ਮੰਤਵ ਪੂਰਾ ਕਰਨ ਲਈ ਇਹ ਤਾਜ਼ਾ ਚਾਲ ਚੱਲੀ ਹੈ।

Comments are closed.