‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਅਯੁੱਧਿਆ ਵਿੱਚ ਬਣਾਏ ਜਾਣ ਵਾਲੇ ਰਾਮ ਮੰਦਿਰ ਦੀ ਜ਼ਮੀਨ ਦੀ ਖਰੀਦ ਦੇ ਮਾਮਲੇ ਵਿੱਚ ਵੱਡੇ ਇਲਜ਼ਾਮ ਲੱਗੇ ਹਨ।ਜਾਣਕਾਰੀ ਅਨੁਸਾਰ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਧਾਇਕ ਤੇਜਨਾਰਾਇਣ ਪਾਂਡੇ ਉਰਫ਼ ਪਵਨ ਪਾਂਡੇ ਨੇ ‘ਦੋ ਕਰੋੜ ਰੁਪਏ ਵਿੱਚ ਖਰੀਦੀ ਗਈ ਜ਼ਮੀਨ ਨੂੰ ਥੋੜ੍ਹੇ ਸਮੇਂ ਵਿੱਚ ਹੀ 18 ਕਰੋੜ 5 ਲੱਖ ਰੁਪਏ ਵਿੱਚ ਖਰੀਦਣ ਦਾ ਦੋਸ਼ ਲਾਇਆ ਹੈ।
ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਵਨ ਪਾਂਡੇ ਨੇ ਬਕਾਇਦਾ ਰਜਿਸਟਰੀ ਦੇ ਦਸਤਾਵੇਜ਼ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਮ ਜਨਮਭੂਮੀ ਦੀ ਜ਼ਮੀਨ ਨਾਲ ਲੱਗੀ ਇੱਕ ਜ਼ਮੀਨ ਪੁਜਾਰੀ ਹਰੀਸ਼ ਪਾਠਕ ਅਤੇ ਉਨ੍ਹਾਂ ਦੀ ਪਤਨੀ ਨੇ 18 ਮਾਰਚ ਦੀ ਸ਼ਾਮ ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਨੂੰ ਦੋ ਕਰੋੜ ਰੁਪਏ ਵਿੱਚ ਵੇਚੀ ਸੀ ਤੇ ਉਹੀ ਜ਼ਮੀਨ ਕੁਝ ਮਿੰਟ ਬਾਅਦ ਚੰਪਤ ਰਾਏ ਨੇ ਰਾਮ ਜਨਮ ਭੂਮੀ ਟਰੱਸਟ ਵੱਲੋਂ 18 ਕਰੋੜ 5 ਲੱਖ ਰੁਪਏ ਵਿੱਚ ਖਰੀਦ ਲਈ।
ਉਨ੍ਹਾਂ ਦਾ ਕਹਿਣਾ ਹੈ ਕਿ 18 ਮਾਰਚ 2021 ਨੂੰ ਲਗਭਗ 10 ਮਿੰਟ ਪਹਿਲਾਂ ਬੈਨਾਮਾ ਵੀ ਹੋਇਆ ਅਤੇ ਫਿਰ ਐਗਰੀਮੈਂਟ ਵੀ ਹੋ ਗਿਆ।ਜਿਸ ਜ਼ਮੀਨ ਨੂੰ ਦੋ ਕਰੋੜ ਰੁਪਏ ਵਿੱਚ ਖਰੀਦਿਆ ਗਿਆ ਉਸੇ ਜ਼ਮੀਨ ਦਾ 10 ਮਿੰਟ ਬਾਅਦ ਸਾਢੇ 18 ਕਰੋੜ ਰੁਪਏ ਵਿੱਚ ਐਗਰੀਮੈਂਟ ਕਿਵੇਂ ਹੋ ਗਿਆ।
ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦੇ ਨਾਂ ‘ਤੇ ਜ਼ਮੀਨ ਖ਼ਰੀਦਣ ਦੇ ਬਹਾਨੇ ਰਾਮ ਭਗਤਾਂ ਨੂੰ ਠੱਗਿਆ ਜਾ ਰਿਹਾ ਹੈ। ਪਵਨ ਪਾਂਡੇ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਹਾਲਾਂਕਿ ਰਾਮ ਜਨਮ ਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।ਚੰਪਤ ਰਾਏ ਨੇ ਕਿਹਾ ਹੈ ਕਿ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਿੰਨੀ ਜ਼ਮੀਨ ਖ਼ਰੀਦੀ ਹੈ, ਉਹ ਖੁੱਲ੍ਹੇ ਬਾਜ਼ਾਰ ਦੀ ਕੀਮਤ ਤੋਂ ਬਹੁਤ ਘੱਟ ਕੀਮਤ ‘ਤੇ ਖਰੀਦੀ ਹੈ।
ਦੂਜੇ ਪਾਸੇ ਵਿਸ਼ਵ ਹਿੰਦੂ ਪਰੀਸ਼ਦ ਨੇ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ।
ਦਾਨ ਦੀ ਦੁਰਵਰਤੋਂ ਲੋਕਾਂ ਦੇ ਵਿਸ਼ਵਾਸ ਦੀ ਬੇਇੱਜਤੀ : ਪ੍ਰਿਯੰਕਾ ਗਾਂਧੀ
ਉੱਧਰ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ’ਤੇ ਜ਼ਮੀਨ ਖਰੀਦ ਮਾਮਲੇ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਮ ਮੰਦਿਰ ਲਈ ਮਿਲੇ ਚੰਦੇ ਦੀ ਦੁਰਵਰਤੋਂ ਕਰੋੜਾਂ ਲੋਕਾਂ ਦੀ ਆਸਥਾ ਦਾ ਅਪਮਾਨ ਅਤੇ ਅਧਰਮ ਹੈ। ਪਾਰਟੀ ਦੀ ਉੱਤਰ ਪ੍ਰਦੇਸ ਇੰਚਾਰਜ ਪ੍ਰਿਯੰਕਾ ਨੇ ਟਵੀਟ ਕੀਤਾ ਹੈ ਕਿ ਕਰੋੜਾਂ ਲੋਕਾਂ ਨੇ ਆਸਥਾ ਅਤੇ ਭਗਤੀ ਕਾਰਨ ਭਗਵਾਨ ਨੂੰ ਕਰੋੜਾਂ ਦਾ ਚੜ੍ਹਾਵਾ ਚੜ੍ਹਾਇਆ। ਉਸ ਚੰਦੇ ਦੀ ਦੁਰਵਰਤੋਂ ਅਧਰਮ ਹੈ, ਪਾਪ ਹੈ, ਉਨ੍ਹਾਂ ਦੀ ਆਸਥਾ ਦਾ ਅਪਮਾਨ ਹੈ।
ਹਾਲਾਂਕਿ ਟਰੱਸਟ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਤੇ ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।