‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਕਿਹਾ ਕਿ ‘ਸੂਬੇ ਦਾ ਇਹੋ ਕੰਮ ਹੁੰਦਾ ਹੈ ਕਿ ਜੋ ਵੀ ਕ੍ਰਿਮੀਨਲ ਹੈ, ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਗੱਲ ਤਾਂ ਇਹ ਹੈ ਕਿ ਜੋ ਕੁੱਝ ਉਸ ਸਮੇਂ ਹੋਇਆ, ਜੋ ਬੇਅਦਬੀਆਂ ਹੋਈਆਂ, ਉਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸਾਡੀ ਬਦਕਿਸਮਤੀ ਹੈ ਕਿ ਅਸੀਂ ਬਿਆਨਬਾਜ਼ੀ ਕਰਕੇ ਇੰਨੇ ਖਿਲਾਰੇ ਪਾ ਲੈਂਦੇ ਹਾਂ ਕਿ ਅਸੀਂ ਨਾਕਾਰਾਤਮਕ ਤੌਰ ਨਾਲ ਕੰਮ ਕਰਨ ਲੱਗ ਪੈਂਦੇ ਹਾਂ ਜੋ ਕੰਮ ਸਾਨੂੰ ਸਾਕਾਰਾਤਮਕ ਤਰੀਕੇ ਨਾਲ ਕਰਨਾ ਚਾਹੀਦਾ ਹੈ’।
ਉਨ੍ਹਾਂ ਕਿਹਾ ਕਿ ‘ਇਹ ਸਾਡੇ ਰਾਜਨੀਤਿਕ ਸਿਸਟਮ ਦਾ ਖਿਲਾਰਾ ਹੈ। ਅਸੀਂ ਇਨ੍ਹਾਂ ਏਜੰਸੀਆਂ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਲੋਕ ਹੁਣ ਇਨ੍ਹਾਂ ‘ਤੇ ਵੀ ਵਿਸ਼ਵਾਸ ਨਹੀਂ ਕਰਦੇ। ਲੋਕ ਨਿਆਂ ਸਿਸਟਮ ‘ਤੇ ਵਿਸ਼ਵਾਸ ਕਰਨ ਤੋਂ ਹੱਟ ਗਏ ਹਨ। ਅਸੀਂ ਲੋਕਤੰਤਰ ਦੇ ਚਾਰੇ ਥੰਮ੍ਹਾਂ ਵਿੱਚ ਇੰਨੇ ਜ਼ਿਆਦਾ ਖਲਾਅ, ਕਮਜ਼ੋਰੀਆਂ ਪੈਦਾ ਕਰ ਦਿੱਤੀਆਂ ਹਨ, ਜਿਸ ਨਾਲ ਲੋਕਾਂ ਦਾ ਹੌਲੀ-ਹੌਲੀ ਵਿਸ਼ਵਾਸ ਉੱਠਣ ਲੱਗ ਪਿਆ। ਜਿਹੜੀਆਂ-ਜਿਹੜੀਆਂ ਸਰਕਾਰਾਂ ਆਈਆਂ, ਉਨ੍ਹਾਂ ਸਾਰਿਆਂ ਨੇ ਇਹੋ ਹੀ ਕੰਮ ਕੀਤਾ ਹੈ। ਇਸ ਲਈ ਸਾਨੂੰ ਨਿਰਪੱਖ ਗੱਲ ਕਰਨੀ ਚਾਹੀਦੀ ਹੈ’।