‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਭਵਿੱਖ ਵਾਸਤੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਸੀਬੀਐੱਸਈ ਨੂੰ 12ਵੀਂ ਦੇ ਪ੍ਰਮੋਸ਼ਨ ਕਰਨ ਦਾ ਮਾਪਦੰਡ ਤਿਆਰ ਕਰ ਲੈਣ ਦਿੱਤਾ ਜਾਵੇ। ਮੈਂ ਇਹ ਨਹੀਂ ਚਾਹੁੰਦਾ ਕਿ ਪੰਜਾਬ ਦੇ ਬੱਚੇ ਘਾਟੇ ਵਿੱਚ ਰਹਿਣ। ਪੇਪਰਾਂ ਨੂੰ ਰੱਦ ਕਰਨਾ ਤਾਂ ਇੱਕ ਮਿੰਟ ਦੀ ਅਨਾਊਂਸਮੈਂਟ ਹੈ। ਪਰ ਸਾਡਾ ਪਲੈਨ ਕੀ ਹੈ, ਇਹ ਸੋਚਣਾ ਜ਼ਰੂਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮਿੰਟ ਵਿੱਚ ਆ ਕੇ ਅਨਾਊਂਸਮੈਂਟ ਕਰ ਦਿੱਤੀ ਕਿ ਪੇਪਰ ਰੱਦ ਕਰ ਦਿੱਤੇ ਹਨ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਸੀਬੀਐੱਸਈ ਬੋਰਡ 10 ਦਿਨਾਂ ਬਾਅਦ ਫੈਸਲਾ ਕਰੇਗਾ ਕਿ ਇਨ੍ਹਾਂ ਦੇ ਪੇਪਰਾਂ, ਨੰਬਰਾਂ ਦੀ ਗਣਨਾ (Calculate) ਕਿਵੇਂ ਕੀਤੀ ਜਾਵੇਗੀ। ਇਸੇ ਲਈ ਮੈਂ ਸਿਰਫ ਭਾਰਤ ਸਰਕਾਰ ਅਤੇ ਸੀਬੀਐੱਸਈ ਵੱਲੋਂ ਤਿਆਰ ਕੀਤੇ ਜਾਣ ਵਾਲੇ ਫਾਰਮੂਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਉਸੇ ਦੇ ਆਧਾਰ ‘ਤੇ ਹੀ ਅਸੀਂ ਕੋਈ ਫੈਸਲਾ ਲਵਾਂਗੇ।