India Punjab

ਕਿਸਾਨ ਮੋਰਚੇ ਦੇ 200 ਦਿਨ ਵੀ ਹੋ ਚੱਲੇ ਪੂਰੇ ਪਰ ਕਿਸਾਨ ਹਾਲੇ ਤੱਕ ਘਰਾਂ ਨੂੰ ਨਹੀਂ ਮੁੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਕਿਸਾਨ ਅੰਦੋਲਨ ਬਾਰੇ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਵੱਧਦੀ ਮਜ਼ਬੂਤੀ ਅਤੇ ਭਾਜਪਾ ‘ਚ ਵੱਧ ਰਹੀ ਨਿਰਾਸ਼ਾ ਕਾਰਨ ਅਨਿਲ ਵਿਜ ਨੇ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜ ਦਾ ਬਿਆਨ ਭੜਕਾਊ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਕਿਸਾਨ ਅੰਦੋਲਨ ਨੇ ਭਾਜਪਾ ਅਤੇ ਉਨ੍ਹਾਂ ਦੇ ਹਮਦਰਦ ਹਮਾਇਤੀਆਂ ਵੱਲੋਂ ਲਗਾਏ ਗਏ ਸਾਰੇ ਨਿਰਾਧਾਰ ਦੋਸ਼ਾਂ ਨੂੰ ਸਹਿਣ ਕੀਤਾ ਹੈ ਅਤੇ ਆਪਣੀਆਂ ਸਾਰੀਆਂ ਜਾਇਜ਼ ਮੰਗਾਂ ਲਈ ਦ੍ਰਿੜਤਾ ਪ੍ਰਗਟਾਈ ਹੈ। ਅਨਿਲ ਵਿਜ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਸੀ ਕਿ ਕਿਸਾਨ ਕਿਸੇ ਗੁਪਤ-ਏਜੰਡੇ ਤਹਿਤ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਅਗਲੇ ਕੁੱਝ ਦਿਨਾਂ ‘ਚ 200 ਦਿਨ ਪੂਰੇ ਕਰ ਲਵੇਗਾ। ਲਗਾਤਾਰ ਸ਼ਾਂਤਮਈ ਸੰਘਰਸ਼ ਸ਼ਾਇਦ ਦੁਨੀਆ ਦਾ ਸਭ ਤੋਂ ਲੰਬਾ ਅਤੇ ਸਭ ਤੋਂ ਵੱਡਾ ਅੰਦੋਲਨ ਹੈ। ਕੇਂਦਰ ਸਰਕਾਰ ਦੀ ਬੇਰੁਖੀ ਦੇ ਚੱਲਦਿਆਂ ਹੁਣ ਤੱਕ 502 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੱਖਾਂ ਕਿਸਾਨ ਦ੍ਰਿੜਤਾ ਨਾਲ ਵੱਖੋ-ਵੱਖਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਕੋਵਿਡ ਮਹਾਂਮਾਰੀ ਵਰਗੇ ਹਾਲਾਤਾਂ ਵਿੱਚ ਵੀ ਮੁਸੀਬਤਾਂ ਦਾ ਸਾਹਮਣਾ ਕਰਕੇ ਅੰਦੋਲਨ ਕਰ ਰਹੇ ਹਨ, ਕਿਉਂਕਿ ਕਿਸਾਨ ਸਮਝਦੇ ਹਨ ਕਿ ਭਾਰਤ ਸਰਕਾਰ ਨੇ ਜੋ 3 ਕੇਂਦਰੀ ਖੇਤੀ ਕਾਨੂੰਨ ਲਿਆਂਦੇ ਹਨ, ਉਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ। ਇਹ ਕਿਸਾਨਾਂ ਦਾ ਆਪਣੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਾਉਣ ਲਈ ਸੰਘਰਸ਼ ਹੈ।

ਬੀਤੀ ਰਾਤ ਇੱਕ ਵਾਰ ਫਿਰ ਤੇਜ਼ ਹਵਾ ਅਤੇ ਬਾਰਸ਼ ਕਾਰਨ ਕਿਸਾਨ ਮੋਰਚਿਆਂ ਵਿੱਚ ਕਿਸਾਨਾਂ ਦੇ ਤੰਬੂ ਉੱਖੜ ਗਏ, ਰਾਸ਼ਣ ਅਤੇ ਬਾਲਣ ਸਮੇਤ ਬਹੁਤ ਸਾਰਾ ਸਮਾਨ ਭਿੱਜਣ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਲਗਾਤਾਰ ਬੁਲੰਦ ਹਨ। ਕਿਸਾਨ ਲਗਾਤਾਰ ਆਪਣੀ ਦ੍ਰਿੜਤਾ ਦੁਹਰਾ ਰਹੇ ਹਨ ਕਿ ਕੇਂਦਰ ਸਰਕਾਰ ਜਦੋਂ ਤੱਕ ਉਹਨਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਕਰਦੀ, ਉਹ ਮੋਰਚਿਆਂ ‘ਤੇ ਡਟੇ ਰਹਿਣਗੇ।

ਹਰਿਆਣਾ ਸਰਕਾਰ ਦੇ ਔਰਤ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਦਾ ਕੈਥਲ ਵਿਖੇ ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਜ਼ਬਰਦਸਤ ਵਿਰੋਧ ਕੀਤਾ। ਕਿਸਾਨ ਵੱਖ-ਵੱਖ ਥਾਂਵਾਂ ‘ਤੇ ਕਾਲੇ ਝੰਡੇ ਦਿਖਾ ਕੇ ਭਾਜਪਾ ਲੀਡਰਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ, ਔਰਤਾਂ ਨੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ।  ਚਰਖੀ ਦਾਦਰੀ ਵਿੱਚ ਭਾਜਪਾ ਲੀਡਰ ਬਬੀਤਾ ਫੋਗਾਟ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਕਿਸਾਨਾਂ ਦੇ ਕਾਫ਼ਲਿਆਂ ਦਾ ਲਗਾਤਾਰ ਕਿਸਾਨ ਮੋਰਚਿਆਂ ਵਿੱਚ ਸ਼ਮੂਲੀਅਤ ਕਰਨਾ ਜਾਰੀ ਹੈ। ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਸ਼ਾਹਜਹਾਂਪੁਰ ਬਾਰਡਰ ‘ਤੇ ਲਗਾਤਾਰ ਕਿਸਾਨ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚ ਰਹੇ ਹਨ। ਅੱਜ ਉਤਰਾਖੰਡ ਦੇ ਤਰਾਈ ਖੇਤਰ ਦੇ ਕਿਸਾਨਾਂ ਦਾ ਵੱਡਾ ਕਾਫ਼ਲਾ ਗਾਜ਼ੀਪੁਰ ਬਾਰਡਰ ‘ਤੇ ਪਹੁੰਚਿਆ। ਤਿਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਬਿਹਾਰ ਤੋਂ ਵੀ ਆਲ ਇੰਡੀਆ ਕਿਸਾਨ ਮਜ਼ਦੂਰ ਸੰਗਠਨ ਦੇ ਕਾਫ਼ਲੇ ਗਾਜੀਪੁਰ ਬਾਰਡਰ ‘ਤੇ ਪਹੁੰਚੇ।