‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੋਸ਼ਲ ਮੀਡੀਆ ‘ਤੇ ਕੀਰਤਨ ਤੇ ਸਾਜਾਂ ਨੂੰ ਲੈ ਕੇ ਇੱਕ ਅਖੌਤੀ ਕੀਰਤਨੀਏ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਇਸ ਵਿਅਕਤੀ ਨੂੰ ਚੈਲੇਂਜ ਕੀਤਾ ਹੈ। ਦਰਅਸਲ, ਵੀਡੀਓ ਵਿੱਚ ਇਸ ਵਿਅਕਤੀ ਵੱਲੋਂ ਸੰਗਤ ਵਿੱਚ ਬੈਠ ਕੇ ਜਿੱਥੇ ਕੀਰਤਨ ਮਰਿਆਦਾ ਦਾ ਮਜ਼ਾਕ ਉਡਾਇਆ ਗਿਆ, ਉੱਥੇ ਹੀ ਬੈਠੀ ਸੰਗਤ ਦੀ ਵੀ ਇਸਨੇ ਖਿੱਲੀ ਉਡਾਈ।
ਵੀਡੀਓ ਵਿੱਚ ਇਹ ਵਿਅਕਤੀ ਇੱਕ ਸਟੇਜ ‘ਤੇ ਬੈਠ ਕੇ ਸੰਗਤ ਵਿੱਚ ਕਿਸੇ ਬੰਦੇ ਨੂੰ ਕਹਿ ਰਿਹਾ ਹੈ ਕਿ ਉਹ ਉਸਦੇ ਵਾਜ਼ਾ ਚੁੱਕ ਕੇ ਮਾਰੇਗਾ, ਜਿਸ ਨਾਲ ਉਸਦਾ ਜੂੜਾ ਇੱਕ ਵੱਡਾ ਦੁਮਾਲਾ ਬਣ ਜਾਵੇਗਾ। ਇੱਥੇ ਹੀ ਬਸ ਨਹੀਂ, ਉਸ ਵਿਅਕਤੀ ਨੇ ਕਿਹਾ ਕਿ ਕੀਰਤਨੀ ਦੋ-ਦੋ ਵਾਜ਼ੇ ਤਾਂ ਰੱਖਦੇ ਹਨ ਕਿ ਜੇ ਇੱਕ ਸੁੱਟ ਦਿੱਤਾ ਤਾਂ ਸਾਡੇ ਕੋਲ ਦੂਸਰਾ ਵਾਜ਼ਾ ਰੱਖਣ ਲਈ ਹੈ। ਉਸਨੇ ਇਸ ਗੱਲ ਨੂੰ ਕੀਰਤਨ ਦਾ ਗੁਪਤ ਭੇਤ ਵੀ ਕਰਾਰ ਦਿੱਤਾ।
ਰਾਗੀ ਕੀਰਤਨੀਏ ਭਾਈ ਗੁਰਦੇਵ ਸਿੰਘ ਨੇ ਉਕਤ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਨੇ ਗੁਰੂ ਸਾਹਿਬ ਵੱਲੋਂ ਚਲਾਈ ਗਈ ਕੀਰਤਨ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਇਹ ਵਿਅਕਤੀ ਕੀਰਤਨ ਵਿੱਚ ਬੈਠ ਕੇ ਮੰਦੀ ਭਾਸ਼ਾ ਬੋਲ ਕੇ, ਸੰਗਤ ਵਿੱਚ ਬੈਠੇ ਕਿਸੇ ਬੰਦੇ ਨੂੰ ਗਲਤ ਭਾਸ਼ਾ ਵਿੱਚ ਬੋਲਦਿਆਂ ਉਸਦਾ ਮਜ਼ਾਕ ਉਡਾ ਰਿਹਾ ਹੈ, ਸਿੱਖ ਮਰਿਆਦਾ ਦੀ ਉਲੰਘਣਾ ਕਰ ਰਿਹਾ ਹੈ।
ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਹਾਲਾਂਕਿ, ਉਨ੍ਹਾਂ ਨੂੰ ਵਾਇਰਲ ਹੋਈ ਵੀਡੀਓ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਬੇਅਦਬੀ ਸੰਗਤ ਵਿੱਚ ਬੈਠ ਕੇ ਹੋ ਰਹੀ ਹੈ, ਇਹ ਸਾਜਿਜ਼ ਦੇ ਤਹਿਤ, ਆਪਣੇ-ਆਪ ਨੂੰ ਚਮਕਾਉਣ ਦੀ ਖਾਤਿਰ ਏਜੰਸੀਆਂ ਵੱਲੋਂ ਜੋ ਨਕਲੀ ਸਿੱਖ ਬਣਾਏ ਗਏ ਹਨ, ਹੁਣ ਨਕਲੀ ਕੀਰਤਨੀਏ ਵੀ ਬਣਾ ਦਿੱਤੇ ਹੋਣਗੇ, ਉਨ੍ਹਾਂ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਸਿੱਖਾਂ ਦੇ ਰੂਪ ਵਿੱਚ ਬਹਿਰੂਪੀਆ ਬਣਾ ਕੇ ਮੋਦੀ ਦੇ ਨਾਂ ‘ਤੇ ਅਰਦਾਸਾਂ ਕਰਵਾ ਸਕਦੇ ਹਨ, ਉਹ ਕੁੱਝ ਵੀ ਕਰਵਾ ਸਕਦੇ ਹਨ।
ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਇਸ ਵਿਅਕਤੀ ਨੇ ਇੱਕ ਤਾਂ ਕੀਰਤਨ ਦਾ ਮਜ਼ਾਕ ਬਣਾਇਆ ਕਿ ਉਹ ਵਾਜ਼ਾ ਚੁੱਕ ਕੇ ਮਾਰੇਗਾ। ਦੂਜਾ ਮਜ਼ਾਕ ਉਸਨੇ ਸੰਗਤ ਵਿੱਚ ਬੈਠੇ ਇੱਕ ਬੰਦੇ ਨੂੰ, ਅਗਰ ਸਾਹਮਣੇ ਕੋਈ ਹੋਵੇ ਕਿਉਂਕਿ ਵੀਡੀਓ ਵਿੱਚ ਕੋਈ ਵੀ ਸੰਗਤ ਦਿਸ ਨਹੀਂ ਰਹੀ, ਨੂੰ ਕਿਹਾ ਕਿ ਉਹ ਵਾਜ਼ਾ ਮਾਰ ਕੇ ਉਸਦੇ ਜੂੜੇ ਨੂੰ ਦੁਮਾਲਾ ਬਣਾ ਦੇਵੇਗਾ, ਭਾਵ ਨਿਹੰਗਾਂ ਸਿੰਘਾਂ ਦੀ ਵੀ ਉਸ ਬੰਦੇ ਨੇ ਬੇਅਦਬੀ ਕੀਤੀ ਹੈ, ਦੁਮਾਲੇ ਦਾ ਨਿਰਾਦਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਸ ਬੰਦੇ ਨੇ ਜੋ ਅਪਸ਼ਬਦ ਬੋਲੇ ਹਨ ਕਿ ਅਸੀਂ ਦੋ-ਦੋ ਵਾਜ਼ੇ ਤਾਂ ਰੱਖੇ ਹਨ ਕਿ ਜੇ ਇੱਕ ਚੁੱਕ ਕੇ ਮਾਰੀਏ ਤਾਂ ਦੂਜਾ ਵਾਜ਼ਾ ਰੱਖ ਲਈਏ, ਇਹ ਬਰਦਾਸ਼ਤ ਕਰਨ ਯੋਗ ਨਹੀਂ ਹਨ। ਭਾਈ ਗੁਰਦੇਵ ਸਿੰਘ ਨੇ ਸਾਰੀ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਬੰਦਾ ਪੰਜਾਬ ਜਾਂ ਹਰਿਆਣਾ ਦਾ ਵਸਨੀਕ ਨਹੀਂ ਲੱਗਦਾ, ਇਹ ਕਿਧਰੇ ਦੂਰ ਦਾ ਰਹਿਣ ਵਾਲਾ ਹੈ, ਇਸ ਲਈ ਜੋ ਵੀ ਕੋਈ ਇਸ ਬੰਦੇ ਨੂੰ ਜਾਣਦਾ ਹੋਵੇ, ਉਹ ਉਸ ਬੰਦੇ ਦਾ ਨਾਂ, ਪਤਾ ਉਨ੍ਹਾਂ ਨੂੰ ਦੇਣ ਤਾਂ ਜੋ ਉਸ ਬੰਦੇ ਕੋਲ ਪਹੁੰਚ ਕਰਕੇ ਉਸਨੂੰ ਪੁੱਛਿਆ ਜਾਵੇ ਕਿ ਉਹ ਇਸ ਤਰ੍ਹਾਂ ਦੀ ਭਾਸ਼ਾ ਕਿਵੇਂ ਵਰਤ ਸਕਦਾ ਹੈ।