‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਪੰਜਾਬ ਵਿੱਚ 15 ਜੂਨ ਤੱਕ ਕਰੋਨਾ ਪਾਬੰਦੀਆਂ ਵਧਾ ਦਿੱਤੀਆਂ ਹਨ। ਪੰਜਾਬ ਵਿੱਚ ਸ਼ਨੀਵਾਰ ਨੂੰ ਵੀਕੈਂਡ ਲਾਕਡਾਊਨ ਨਹੀਂ ਹੋਵੇਗਾ, ਸਿਰਫ ਐਤਵਾਰ ਨੂੰ ਹੀ ਵੀਕੈਂਡ ਲਾਕਡਾਊਨ ਰਹੇਗਾ। ਪੰਜਾਬ ਕੈਬਨਿਟ ਨੇ ਅੱਜ ਕਰੋਨਾ ਰਿਵਿਊ ਮੀਟਿੰਗ ਵਿੱਚ ਹੋਰ ਵੀ ਕਈ ਅਹਿਮ ਫੈਸਲੇ ਲਏ ਹਨ।
- ਪੰਜਾਬ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਵੀ ਬਦਲਿਆ ਗਿਆ ਹੈ। ਹੁਣ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ।
- ਪੰਜਾਬ ਸਰਕਾਰ ਨੇ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਹੈ। ਕੱਲ੍ਹ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
- ਪੰਜਾਬ ਸਰਕਾਰ ਨੇ ਇਕੱਠ ਕਰਨ ਦੀ ਗਿਣਤੀ ਵੀ ਵਧਾ ਦਿੱਤੀ ਹੈ। ਵਿਆਹ ਸਮਾਗਮਾਂ ਵਿੱਚ 20 ਲੋਕ ਸ਼ਾਮਿਲ ਹੋ ਸਕਦੇ ਹਨ। ਪਹਿਲਾਂ ਵਿਆਹ ਸਮਾਗਮਾਂ ਵਿੱਚ 10 ਲੋਕ ਹੀ ਸ਼ਾਮਿਲ ਹੋ ਸਕਦੇ ਸਨ। ਜੇਕਰ ਕਿਤੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਉੱਥੇ ਵੀ 20 ਲੋਕ ਇਕੱਠਾ ਹੋ ਸਕਦੇ ਹਨ।
- ਜਿਮ, ਰੈਸਟੋਰੈਂਟ ਖੋਲ੍ਹਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਇਨ੍ਹਾਂ ਨੂੰ ਖੋਲ੍ਹਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਜਾਣਕਾਰੀ ਮੁਤਾਬਕ ਇੱਕ ਹਫਤੇ ਤੱਕ ਜਿਮ ਖੁੱਲ੍ਹ ਸਕਦੇ ਹਨ। ਪੰਜਾਬ ਸਰਕਾਰ ਇੱਕ ਹਫਤੇ ਤੋਂ ਬਾਅਦ ਕਰੋਨਾ ਸਥਿਤੀ ਦਾ ਜਾਇਜ਼ਾ ਲੈ ਕੇ ਜਿਮ ਖੋਲ੍ਹਣ ਦਾ ਫੈਸਲਾ ਲੈ ਸਕਦੀ ਹੈ। ਪਿਛਲੇ ਦਿਨੀਂ ਜਿਮ ਮਾਲਕਾਂ ਵੱਲੋਂ ਜਿਮ ਖੋਲ੍ਹਣ ਲਈ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ ਸਨ।