India Punjab

ਗੁਰੂਦੁਆਰਾ ਰਕਾਬਗੰਜ ਵਿੱਚ ਕਿਸਨੇ ਵਜਾਇਆ ਫਿਲਮੀ ਗਾਣਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਗੁਰੂਦੁਆਰਾ ਰਕਾਬਗੰਜ ਵਿੱਚ ਬਣਾਏ ਗਏ ਕੋਵਿਡ ਸੈਂਟਰ ਵਿੱਚ ਹੈਪੀਨੈੱਸ ਥੈਰੇਪੀ ਦੇ ਨਾਂ ‘ਤੇ ਇੱਕ ਫਿਲਮੀ ਗੀਤ ਵਜਾਉਣ ‘ਤੇ ਸਿੱਖ ਜਥੇਬੰਦੀਆਂ ਨੇ ਇਸਦਾ ਵਿਰੋਧ ਕੀਤਾ ਹੈ।ਸਿੱਖ ਰਾਜਨੀਤਕ ਪਾਰਟੀਆਂ ਨੇ ਕਿਹਾ ਹੈ ਕਿ ਗੁਰੂ ਘਰ ਵਿੱਚ ਇਸ ਤਰ੍ਹਾਂ ਦੀ ਥੈਰੇਪੀ ਦੇ ਨਾਂ ‘ਤੇ ਫਿਲਮੀ ਗੀਤ ਵਜਾਉਣੇ ਬਿਲਕੁਲ ਗਲਤ ਹਨ। ਇਸ ਨਾਲ ਸਿੱਖ ਮਰਿਆਦਾ ਨੂੰ ਸੱਟ ਵੱਜੀ ਹੈ। ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰਕੇ ਸਖਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇੱਥੋਂ ਤੱਕ ਕਿ ਰਾਜਨੀਤਕ ਦਲਾਂ ਨੇ ਕੋਵਿਡ ਕੇਅਰ ਸੈਂਟਰ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ ਹੈ ਤਾਂ ਕਿ ਸਿਖ ਮਰਿਆਦਾ ਇਸ ਤਰ੍ਹਾਂ ਭੰਗ ਨਾ ਹੋਵੇ।

ਇਸ ਮਾਮਲੇ ਦੀ ਸ਼ਿਕਾਇਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਗੋ ਪਾਰਟੀ ਨੇ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਹੈ ਕਿ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਅਸਥਾਨ ਗੁਰੂਦੁਆਰਾ ਰਕਾਬਗੰਜ ਸਾਹਿਬ ਵਿੱਚ ਰੰਗੀਲੇ ਪ੍ਰੋਗਰਾਮ ਦੇ ਕਾਰਣ ਸਿੱਖ ਮਰਿਆਦਾ ਨੂੰ ਸੱਟ ਲੱਗੀ ਹੈ। ਖਾਸਕਾਰ ਗੁਰੂਬਾਣੀ ਦੀ ਬੇਅਦਬੀ ਹੋਈ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਚਿੱਠੀ ਵੀ ਲਿਖੀ ਹੈ।

ਜੀਕੇ ਨੇ ਕਿਹਾ ਹੈ ਕਿ ਤੇਗ ਬਹਾਦਰ ਸਾਹਿਬ ਦੇ ਇਸ ਪਵਿੱਤਰ ਸ਼ਹੀਦੀ ਸਥਾਨ ਉੱਤੇ ਹੋਣ ਵਾਲੇ ਵਿਆਹ ਤੇ ਹੋਰ ਪ੍ਰੋਗਰਾਮਾਂ ਵਿੱਚ ਡੀਜੇ, ਢੋਲ ਤੇ ਬੈਂਡ ਵਗੈਰਾ ਵਜਾਉਣ ਦੀ ਸਖਤ ਮਨਾਹੀ ਹੈ।ਬਰਾਤੀ ਗੁਰੂਦੁਆਰਾ ਸਾਹਿਬ ਦੇ 100 ਮੀਟਰ ਦੇ ਦਾਇਰੇ ਤੋਂ ਪਿੱਛੇ ਹੀ ਇਹ ਬੈਂਡ ਵਜਾ ਸਕਦੇ ਹਨ। ਪਰ ਕੋਰੋਨਾ ਕੋਵਿਡ ਸੈਂਟਰ ਵਿੱਚ ਸਿਰਸਾ ਤੇ ਕਾਲਕਾ ਨੇ ਹੈਪੀਨੈੱਸ ਥੈਰੇਪੀ ਦੇ ਨਾਂ ਉੱਤੇ ਰੋਮਾਂਟਿਕ ਫਿਲਮੀ ਗੀਤ ਵਜਾਉਣ ਦੀ ਇਜ਼ਾਜਤ ਦੇ ਕੇ ਆਪਣੀ ਨਾਸਮਝੀ ਹੀ ਜਾਹਿਰ ਕੀਤੀ ਹੈ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਗੁਰੂਦੁਆਰੇ ਅੰਦਰ ਫਿਲਮੀ ਗੀਤ ਵਜਾਇਆ ਗਿਆ ਹੈ। ਇਹ ਸਿੱਖ ਮਰਿਆਦਾ ਦੀ ਉਲੰਘਣਾ ਹੈ। ਇਸ ਕੋਵਿਡ ਸੈਂਟਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਮਰੀਜ਼ਾਂ ਨੂੰ ਕਿਸੇ ਹੋਰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਣਾ ਚਾਹੀਦਾ ਹੈ।ਗੁਰੂਬਾਣੀ ਅਪਾਰ ਸ਼ਕਤੀ ਹੈ। ਗੁਰੂਬਾਣੀ ਨੂੰ ਇਕ ਪਾਸੇ ਕਰਕੇ ਫਿਲਮੀ ਗੀਤ ਵਜਾਉਣੇ ਬਹੁਤ ਗਲਤ ਗੱਲ ਹੈ।ਇੱਥੇ ਕੀਰਤਨ ਹੋਣਾ ਚਾਹੀਦਾ ਸੀ।

ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਮੋਹਨ ਸਿੰਘ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਨੇ ਇਹ ਸ਼ਰਮਨਾਕ ਕੰਮ ਕੀਤਾ ਹੈ। ਫਿਲਮੀ ਗੀਤ ਵਜਾ ਕੇ ਬਹੁਤ ਵੱਡਾ ਪਾਪ ਕੀਤਾ ਹੈ। ਇਸ ਨਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਪੰਥ ਵਿਰੋਧੀ ਸੋਚ ਸਾਹਮਣੇ ਆਈ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਦਿਲ ਦੁਖਾਏ ਹਨ।

ਹਾਲਾਂਕਿ ਕਮੇਟੀ ਨੇ ਕੁੱਝ ਸਵਾਲ ਵੀ ਪੁੱਛੇ ਹਨ…

ਕੀ ਗੁਰੂਬਾਣੀ ਹੈਪੀਨੈੱਸ ਯਾਨੀ ਕਿ ਖੁਸ਼ੀ ਨਹੀਂ ਪੈਦਾ ਕਰਦੀ? 

ਕਮੇਟੀ ਪ੍ਰਬੰਧਕਾਂ ਨੂੰ ਅਧਿਆਤਮਕ ਚਿੰਤਨ ਨਾਲੋਂ ਰੰਗੀਲੀ ਸ਼ੈਲੀ ਉੱਤੇ ਜਿਆਦਾ ਭਰੋਸਾ ਹੈ? 

ਕੀ ਸ਼ਹੀਦੀ ਸਥਾਨ ਦੀ ਮਰਿਆਦਾ ਦੀ ਰਾਖੀ ਕਰਨ ਦੀ ਜਿੰਮੇਦਾਰੀ ਦਿੱਲੀ ਕਮੇਟੀ ਦੀ ਨਹੀਂ ਹੈ? 

ਇੱਕ ਪਾਸੇ ਸਿੱਖ ਜੂਨ ਦੇ ਅਪਰੇਸ਼ਨ ਬਲਿਊ ਸਟਾਰ ਵਿੱਚ ਮਾਰੇ ਗਏ ਉੱਥੇ ਇਸ ਦਿਨ ਗੀਤ ਸੰਗੀਤ ਵਜਾਏ ਜਾ ਰਹੇ ਹਨ।

ਦਿੱਲੀ ਦੀ ਵਕੀਲ ਨੇ ਸਿਰਸਾ ਨੂੰ ਕਿਹਾ, ਕਾਰਵਾਈ ਕਰੋ

ਇਸ ਗੰਭੀਰ ਮਾਮਲੇ ਵਿਚ ਦਿੱਲੀ ਦੀ ਇੱਕ ਵਕੀਲ ਨੀਨਾ ਸਿੰਘ ਨੇ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਮੇਲ ਰਾਹੀਂ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਉਨ੍ਹਾਂ ਲਿਖਿਆ ਹੈ ਕਿ ਭਾਈ ਸ਼ਾਹ ਲਖੀ ਵਣਜਾਰਾ ਹਾਲ ਦੇ ਕੋਵਿਡ ਸੈਂਟਰ ਵਿੱਚ ਇਹ ਹੈਰਾਨ ਕਰਨ ਵਾਲੀ ਵੀਡਿਓ ਸਾਹਮਣੇ ਆਉਣਾ ਬਹੁਤ ਹੀ ਦੁਖਦਾਈ ਹੈ।ਇਸ ਵਿਚ ਇਕ ਸਿੰਗਰ ਹਿੰਦੀ ਗੀਤ ਗਾ ਰਿਹਾ ਹੈ ਤੇ ਹੋਰ ਗੀਤਾਂ ਨਾਲ ਕੋਵਿਡ ਮਰੀਜਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ।

ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਗੁਰੂਦੁਆਰੇ ਦੀ ਪਵਿੱਤਰਾ ਭੁੱਲ ਗਏ ਹੋ। ਇਹ ਥਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ, ਵਿਸ਼ਵਾਸ਼ ਅਤੇ ਸੱਚ ਲਈ ਖੜ੍ਹਨ ਖਾਤਰ ਸ਼ਹੀਦੀ ਪਾਈ ਸੀ।

ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਹ ਸੱਦਾ ਦਿੰਦੀ ਹਾਂ ਕਿ ਬਿਨਾਂ ਦੇਰੀ ਇਸ ਪਵਿੱਤਰ ਗੁਰੂਦੁਆਰਾ ਸਾਹਿਬ ਅੰਦਰ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਨੂੰ ਬੰਦ ਕਰਵਾਇਆ ਜਾਵੇ ਤੇ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਕ ਪਾਸੇ ਤੁਹਾਡੀ ਕਾਨੂੰਨ ਟੀਮ ਕੁਫਰ ਕਰਨ ਵਾਲਿਆਂ ਦੇ ਖਿਲਾਫ ਨੋਟਿਸ ਭੇਜਦੀ ਹੈ ਤਾਂ ਦੂਜੇ ਪਾਸੇ ਤੁਹਾਡਾ ਦਫਤਰ ਵੀ ਉਸੇ ਤਰ੍ਹਾਂ ਕਰ ਰਿਹਾ ਹੈ। ਕੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਤੁਹਾਡੇ ਵਿਚਾਰ ਕੋਈ ਫਰਕ ਹੈ।

Comments are closed.