India Punjab

ਲਿਵ-ਇਨ : ਹਾਈਕੋਰਟ ਦੇ ਫੈਸਲੇ ‘ਤੇ ਕਾਟਾ, ਸੁਪਰੀਮ ਕੋਰਟ ਨੇ ਦਿੱਤੇ ਪੰਜਾਬ ਪੁਲਿਸ ਨੂੰ ਵੱਡੇ ਹੁਕਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਜਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਨੂੰ ਲਿਵ-ਇਨ ਚ ਰਹਿਣ ਵਾਲੇ ਇੱਕ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਜੋੜੇ ਵੱਲੋਂ ਲਗਾਈ ਗਈ ਪਟੀਸ਼ਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਹ ਮੰਨਦਿਆਂ ਰੱਦ ਕਰ ਦਿੱਤਾ ਸੀ ਕਿ ਇਹੋ ਜਿਹੇ ਰਿਸ਼ਤੇ ਸਮਾਜਿਕ ਤੇ ਨੈਤਿਕ ਪੱਧਰ ‘ਤੇ ਸਵੀਕਾਰਨ ਯੋਗ ਨਹੀਂ ਹਨ।
ਇਸ ਹੁਕਮ ਵਿੱਚ ਉੱਚ ਅਦਾਲਤ ਨੇ ਪੰਜਾਬ ਪੁਲਿਸ ਨੂੰ ਵਿਸ਼ੇਸ਼ਤੌਰ ‘ਤੇ ਸੁਰੱਖਿਆ ਦੇਣ ਦੀ ਗੱਲ ਕਹੀ ਹੈ। ਕੋਰਟ ਦਾ ਮੰਨਣਾ ਹੈ ਕਿ ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਇਸ ਜੋੜੇ ਨੂੰ ਧਮਕੀਆਂ ਵੀ ਮਿਲ ਸਕਦੀਆਂ ਹਨ।


ਜਸਟਿਸ ਐੱਚਐੱਸ ਮਦਾਨ ਦੀ ਅਗੁਵਾਈ ਵਾਲੇ ਸਿੰਗਲ ਬੈਂਚ ਦੇ 11 ਮਈ ਨੂੰ ਦਿੱਤੇ ਗਏ ਹੁਕਮ ਵਿੱਚ ਇਸ ਜੋੜੇ ਨੂੰ ਕੋਈ ਸੁਰੱਖਿਆ ਦੇਣ ਤੋਂ ਇਨਕਾਰ ਕਰਦਿਆਂ ਇਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਡਿਵੀਜਨ ਬੈਂਚ ਨੇ ਇਹ ਹੁਕਮ ਗੁਰਵਿੰਦਰ ਸਿੰਘ ਤੇ ਗੁਲਜਾ ਕੁਮਾਰੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਤੇ ਹਨ।

ਇਸ ਜੋੜੇ ਨੇ ਅਪੀਲ ਕੀਤੀ ਸੀ ਕਿ ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਉਨ੍ਹਾਂ ਦੀ ਲਿਵ-ਇਨ ਦੀ ਜਿੰਦਗੀ ਲਈ ਖਤਰਾ ਵਧ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਸੁਰੱਖਿਆ ਦੇਣ ਲਈ ਮੰਗ ਕੀਤੀ ਗਈ ਸੀ, ਪਰ ਹਾਈਕੋਰਟ ਦੇ ਆਰਡਰ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਦੱਸਦਈਏ ਕਿ ਪਟੀਸ਼ਨ ਦਾਖਿਲ ਕਰਨ ਵਾਲਾ ਇਹ ਜੋੜਾ ਇੱਕਠਾ ਰਹਿ ਹੈ ਤੇ ਬਹੁਤ ਜਲਦੀ ਵਿਆਰ ਰਚਾਉਣ ਵਾਲਾ ਹੈ।ਇਹ ਦੋਵੇਂ ਬਾਲਗ ਹਨ। ਲੜਕੀ 19 ਸਾਲ ਤੇ ਲੜਕਾ 22 ਵਰ੍ਹਿਆਂ ਦਾ ਹੈ। ਲੜਕੀ ਦੇ ਪਰਿਵਾਰ ਤੋਂ ਇਨ੍ਹਾਂ ਨੂੰ ਖਤਰਾ ਦੱਸਿਆ ਜਾ ਰਿਹਾ ਹੈ।