‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ ਟੋਹਾਣਾ ਸਿਟੀ ਥਾਣੇ ਦੇ ਬਾਹਰ ਕਿਸਾਨਾਂ ਨੇ ਕੱਲ੍ਹ ਸਾਰਾ ਦਿਨ ਅਤੇ ਸਾਰੀ ਰਾਤ ਧਰਨਾ ਦਿੱਤਾ। ਇਸ ਪ੍ਰਦਰਸ਼ਨ ਵਿੱਚ ਬੀਬੀਆਂ ਵੀ ਸ਼ਾਮਿਲ ਹੋਈਆਂ। ਬੀਬੀਆਂ ਨੇ ਰਾਤ ਨੂੰ ਪ੍ਰਸ਼ਾਸਨ ਨੂੰ ਜਗਾਉਣ ਲਈ ਕ੍ਰਾਂਤੀਕਾਰੀ ਗੀਤ ਵੀ ਗਾਏ। ਹਾਲੇ ਵੀ ਕਿਸਾਨ ਥਾਣੇ ਦੇ ਬਾਹਰ ਧਰਨੇ ‘ਤੇ ਬੈਠੇ ਹੋਏ ਹਨ।
ਇਸ ਮੌਕੇ ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਕਿਹਾ ਕਿ ਅਸੀਂ ਇੱਥੇ ਗੱਲ ਸੁਣਨ ਲਈ ਨਹੀਂ ਆਏ, ਅਸੀਂ ਇੱਥੇ ਹੱਲ ਕੱਢਣ ਆਏ ਹਾਂ। ਅਸੀਂ ਖੁੱਲ੍ਹੇ ਦਿਲ ਨਾਲ ਗੱਲ ਕਰਨ ਲਈ ਤਿਆਰ ਹਾਂ, ਅਸੀਂ ਕੋਈ ਜ਼ਿੱਦ ਨਹੀਂ ਕਰ ਰਹੇ ਪਰ ਅਫਸੋਸ ਦੀ ਗੱਲ ਹੈ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੱਦ ‘ਤੇ ਅੜਿਆ ਹੋਇਆ ਹੈ। ਅਸੀਂ ਹਰਿਆਣਾ ਪੁਲਿਸ ਨੂੰ ਦੋ ਵਿਕਲਪ ਦੇ ਰਹੇ ਹਾਂ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕਰ ਲਵੋ ਜਾਂ ਫਿਰ ਕਿਸਾਨਾਂ ਨੂੰ ਰਿਹਾਅ ਕਰੋ। ਜਦੋਂ ਤੱਕ ਸਾਡਾ ਮਾਮਲਾ ਨਹੀਂ ਸੁਲਝਦਾ, ਸਾਨੂੰ ਇੱਥੇ ਹੀ ਛਾਉਣੀ ਬਣਾਉਣੀ ਹੋਵੇਗੀ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਪੁਲਿਸ ਪਤਾ ਨਹੀਂ ਕਿਸਾਨਾਂ ‘ਤੇ ਕਿਹੜੇ ਕੇਸ ਦਰਜ ਕਰ ਰਹੀ ਹੈ। ਪੁਲਿਸ ਜਾਂ ਤਾਂ ਕਿਸਾਨਾਂ ਨੂੰ ਰਿਹਾਅ ਕਰੇ ਜਾਂ ਫਿਰ ਸਾਨੂੰ ਗ੍ਰਿਫਤਾਰ ਕਰੇ’।