Punjab

‘ਆਪ’ ਦੇ ਕੈਪਟਨ ਸਰਕਾਰ ਨੂੰ 5 ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਕੋਟੇ ਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੀ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ 5 ਸਵਾਲ ਕੀਤੇ ਹਨ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਹੋਰ ਵੱਡਾ ਵੈਕਸੀਨ ਘੁਟਾਲਾ ਕੀਤਾ ਹੈ ਅਤੇ ਪੰਜਾਬ ਵਾਸੀਆਂ ਦੀਆਂ ਜੇਬਾਂ ‘ਤੇ ਕਰੋੜਾਂ ਰੁਪਿਆਂ ਦਾ ਡਾਕਾ ਮਾਰਿਆ ਹੈ। 

ਕੈਪਟਨ ਸਰਕਾਰ ਤੇ ਲਾਏ ਦੋਸ਼

  • ਕੈਪਟਨ ਸਰਕਾਰ 400 ਰੁਪਏ ਵਿੱਚ ਕਰੋਨਾ ਵੈਕਸੀਨ ਖਰੀਦਦੀ ਹੈ
  • ਫਿਰ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ 1 ਹਜ਼ਾਰ 60 ਰੁਪਏ ਵਿੱਚ ਵੈਕਸੀਨ ਵੇਚਦੀ ਹੈ।
  • ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਉਹੀ ਵੈਕਸੀਨ 1 ਹਜ਼ਾਰ 560 ਰੁਪਏ ਵਿੱਚ ਲਗਾ ਰਹੇ ਹਨ।

ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਲਈ ਵੈਕਸੀਨ ਦੇ ਟੀਕੇ ਮੁਫਤ ਲਾਉਣ ਦਾ ਢੰਢੋਰਾ ਤਾਂ ਬਹੁਤ ਪਿੱਟਿਆ ਹੈ, ਪਰ ਸਰਕਾਰੀ ਵੈਕਸੀਨ ਕੇਂਦਰ ਬੰਦ ਕਰਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗੇ ਭਾਅ ਵੈਕਸੀਨ ਲਗਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਨੂੰ 5 ਸਵਾਲ

  • ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਮੁਫਤ ਵਿੱਚ ਵੈਕਸੀਨ ਦਾ ਟੀਕਾ ਲਾ ਸਕਦੀ ਹੈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਕਿਉਂ ਨਹੀਂ ਲਾ ਸਕਦੀ ?
  • ਕੈਪਟਨ ਸਰਕਾਰ ਨੇ ਸਰਕਾਰੀ ਵੈਕਸੀਨ ਕੇਂਦਰ ਬੰਦ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਦੇ 3100 ਰੁਪਏ ਵਸੂਲਣ ਦੀ ਇਜਾਜਤ ਕਿਉਂ ਦਿੱਤੀ ?
  • ਕੈਪਟਨ ਨੇ ਮੁਫਤ ਦਵਾਈ ਦੀ ਕਾਲਾਬਾਜਾਰੀ ਕਰਕੇ ਇੱਕਠੇ ਕੀਤੇ ਕਰੋੜਾਂ ਰੁਪਏ ਕਿਹੜੇ-ਕਿਹੜੇ ਕਾਂਗਰਸੀ ਲੀਡਰ ਨੂੰ ਦਿੱਤੇ ?
  • ਕੀ ਵੈਕਸੀਨ ਘੁਟਾਲੇ ਦਾ ਪੈਸਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਦਿੱਤਾ ਗਿਆ ਹੈ ?
  • ਪੰਜਾਬ ‘ਚ ਕਾਂਗਰਸ ਦੀ ਲੜਾਈ ਮਿਟਾਉਣ ਵਾਲੀ ਖੜਗੇ ਕਮੇਟੀ ਕੀ ਕੈਪਟਨ ਕੋਲੋਂ ਵੈਕਸੀਨ ਘੁਟਾਲੇ ਬਾਰੇ ਵੀ ਸਵਾਲ ਪੁੱਛੇਗੀ ?

ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬੀਆਂ ਨੂੰ “ਘਪਲੇ ਦਾ ਟੀਕਾ” ਲੱਗਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਲੱਗਣ ਵਾਲੀ ਵੈਕਸੀਨ ਦੀ ਕੈਪਟਨ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨਾਲ ਮਿਲ ਕੇ ਘਪਲੇਬਾਜ਼ੀ ਕੀਤੀ ਹੈ।