Punjab

ਪੰਜਾਬ ਦੀਆਂ ਬੀਬੀਆਂ ਲਈ ਕੈਪਟਨ ਨੇ ਹਜ਼ਾਰਾਂ ਨੌਕਰੀਆਂ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਂਗਨਵਾੜੀ ਵਰਕਰਾਂ, ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਕੁੱਲ 4 ਹਜ਼ਾਰ 481 ਨੌਕਰੀਆਂ ਨਿਕਲੀਆਂ ਹਨ। ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ 4 ਹਜ਼ਾਰ 481 ਖਾਲੀ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰੁਣਾ ਚੌਧਰੀ ਨੇ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਨੌਕਰੀ ਲਈ ਬਿਨੈ/ਅਪਲਾਈ ਕਰਨ ਦੀ ਅਪੀਲ ਕੀਤੀ ਹੈ।

ਅਰੁਣਾ ਚੌਧਰੀ ਨੇ ਕਿਹਾ ਕਿ ਵਿਭਾਗ ਨੇ ਸਮੂਹ ਜ਼ਿਲ੍ਹਿਆਂ ਲਈ 1 ਹਜ਼ਾਰ 170 ਆਂਗਨਵਾੜੀ ਵਰਕਰਾਂ, 82 ਮਿੰਨੀ ਆਂਗਨਵਾੜੀ ਵਰਕਰਾਂ ਅਤੇ 3 ਹਜ਼ਾਰ 229 ਆਂਗਨਵਾੜੀ ਹੈਲਪਰਾਂ ਦੀਆਂ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਅਰੰਭ ਕੀਤੀ ਹੈ। ਉਨਾਂ ਕਿਹਾ ਕਿ ਇਨ੍ਹਾਂ ਆਸਾਮੀਆਂ ਲਈ ਕੇਵਲ ਇਸਤਰੀ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ ਅਤੇ ਅਸਾਮੀਆਂ ਸਬੰਧੀ ਨਿਰਧਾਰਤ ਪਾਤਰਤਾ, ਸਥਾਨ, ਪਿੰਡ/ਵਾਰਡ, ਉਮਰ ਹੱਦ, ਵਿੱਦਿਅਕ ਯੋਗਤਾ ਆਦਿ ਸ਼ਰਤਾਂ ਦਾ ਵੇਰਵਾ ਵਿਭਾਗ ਦੀ ਵੈਬਸਾਈਟ sswcd.punjab.gov.in  ਉੱਤੇ ਅਪਲੋਡ ਕਰ ਦਿੱਤਾ ਗਿਆ ਹੈ।

ਭਰਤੀ ਸਬੰਧੀ ਵੇਰਵੇ ਸਬੰਧਤ ਜ਼ਿਲ੍ਹੇ ਦੀ ਵੈੱਬਸਾਈਟ ‘ਤੇ ਵੇਖੇ ਜਾ ਸਕਦੇ ਹਨ ਜਾਂ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਦੇ ਦਫਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰ ਇਸ਼ਤਿਹਾਰ ਜਾਰੀ ਹੋਣ ਦੀ ਤਰੀਕ ਤੋਂ 30 ਦਿਨਾਂ ਦੇ ਅੰਦਰ ਆਪਣਾ ਬਿਨੈ ਪੱਤਰ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫਸਰ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਭੇਜ ਸਕਦੇ ਹਨ।